ਸਰਕਾਰੀ ਉਦਯੋਗਿਕ ਸਿਖਲਾਈ ਕੇਂਦਰ ਸੁਨਾਮ ਨੂੰ ਉੱਤਰੀ ਭਾਰਤ ਦਾ ਮੋਹਰੀ ਸਿਖਲਾਈ ਕੇਂਦਰ ਬਣਾਇਆ ਜਾਵੇਗਾ  : ਕੈਬਨਿਟ ਮੰਤਰੀ ਅਰੋੜਾ  

  • 10 ਮਹੀਨਿਆਂ ਅੰਦਰ 3.27 ਕਰੋੜ ਦੀ ਲਾਗਤ ਨਾਲ ਮੁਕੰਮਲ ਹੋਇਆ ਸਰਕਾਰੀ ਉਦਯੋਗਿਕ ਸਿਖਲਾਈ ਕੇਂਦਰ ਸੁਨਾਮ ਦਾ ਨਵੀਨੀਕਰਨ ਪ੍ਰੋਜੈਕਟ : ਅਮਨ ਅਰੋੜਾ 
  • ਕੈਬਨਿਟ ਮੰਤਰੀ ਅਰੋੜਾ ਨੇ ਨਵੀਨੀਕਰਨ ਤੋਂ ਬਾਅਦ ਸਰਕਾਰੀ ਆਈ.ਟੀ.ਆਈ ਕੀਤੀ ਸਿਖਿਆਰਥੀਆਂ ਨੂੰ ਸਮਰਪਿਤ

ਸੁਨਾਮ ਊਧਮ ਸਿੰਘ ਵਾਲਾ, 9 ਨਵੰਬਰ : ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਸੁਨਾਮ ਵਿਖੇ 3.27 ਕਰੋੜ ਰੁਪਏ ਨਾਲ ਸ਼ਹੀਦ ਊਧਮ ਸਿੰਘ ਸਰਕਾਰੀ ਉਦਯੋਗਿਕ ਸਿਖਲਾਈ ਕੇਂਦਰ ਦਾ ਨਵੀਨੀਕਰਨ ਹੋਣ ਤੋਂ ਬਾਅਦ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸਮਰਪਿਤ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਵਿਕਾਸ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਹੈ ਕਿ ਪੰਜਾਬ ਦੇ ਹਰ ਸਕੂਲ, ਕਾਲਜ, ਕਿੱਤਾ ਮੁਖੀ ਸੰਸਥਾ ਅਤੇ ਯੂਨੀਵਰਸਿਟੀ ਵਿੱਚ ਪੜ੍ਹਨ ਵਾਲਾ ਹਰ ਵਿਦਿਆਰਥੀ ਹੁਨਰਮੰਦ ਹੋਵੇ ਅਤੇ ਉਹ ਆਪਣੀ ਮਿਹਨਤ ਨਾਲ ਨਾ ਕੇਵਲ ਦੇਸ਼ ਬਲਕਿ ਵਿਦੇਸ਼ਾਂ ਵਿੱਚ ਵੀ ਕਾਮਯਾਬ ਹੋ ਸਕੇ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਨਾਗਰਿਕਾਂ ਦੀ ਦਿਸ਼ਾ ਅਤੇ ਦਸ਼ਾ ਨੂੰ ਬਦਲਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।ਕੈਬਨਿਟ ਮੰਤਰੀ ਅਮਨ ਅਰੋੜਾ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਇਸ ਆਈ ਟੀ ਆਈ ਨੂੰ ਸੁਵਿਧਾਵਾਂ ਅਤੇ ਮਿਆਰ ਪੱਖੋਂ ਨਾ ਕੇਵਲ ਪੰਜਾਬ ਬਲਕਿ ਪੂਰੇ ਉੱਤਰੀ ਭਾਰਤ ਵਿੱਚੋਂ ਨਮੂਨੇ ਦੀ ਆਈ ਟੀ ਆਈ ਬਣਾਇਆ ਜਾਵੇਗਾ ਅਤੇ ਇਸ ਟੀਚੇ ਨੂੰ ਸਾਕਾਰ ਕਰਨ ਉਹ ਪੂਰੀ ਸ਼ਿੱਦਤ ਨਾਲ ਜੁਟੇ ਹੋਏ ਹਨ। ਉਨ੍ਹਾਂ ਸਿਖਲਾਈ ਕੇਂਦਰ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਵੀਨੀਕਰਨ ਪ੍ਰੋਜੈਕਟ ਲਈ 3.27 ਕਰੋੜ ਰਾਸ਼ੀ ਜਾਰੀ ਹੋਈ ਸੀ ਪਰ ਇਹ ਕੰਮ 2.62 ਕਰੋੜ ਵਿੱਚ ਮੁਕੰਮਲ ਹੋਇਆ ਹੈ ਅਤੇ ਬਾਕੀ ਬਚੇ 65 ਲੱਖ ਰੁਪਏ ਨਾਲ ਹੁਣ ਆਈ ਟੀ ਆਈ ਵਿੱਚ ਹੀ ਮੇਨ ਬਲਾਕ ਅਤੇ ਕਾਨਫਰੰਸ ਰੂਮ ਬਣਵਾਇਆ ਜਾਵੇਗਾ। ਕੈਬਨਿਟ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਿਖਲਾਈ ਸੰਸਥਾ ਵਿੱਚ ਸਿਖਿਆਰਥੀਆਂ ਨੂੰ ਹੋਰ ਆਧੁਨਿਕ ਤਕਨਾਲੋਜੀ ਮੁਹੱਈਆ ਕਰਵਾਉਣ ਲਈ ਮੈਂਬਰ ਰਾਜ ਸਭਾ ਵਿਕਰਮਜੀਤ ਸਿੰਘ ਸਾਹਨੀ ਦੇ ਸਹਿਯੋਗ ਨਾਲ ਜਲਦੀ ਹੀ ਆਈ ਟੀ ਆਈ ਨੂੰ ਅਪਗ੍ਰੇਡ ਕੀਤਾ ਜਾਵੇਗਾ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਰਕਾਰੀ ਉਦਯੋਗਿਕ ਸਿਖਲਾਈ ਕੇਂਦਰ ਸੁਨਾਮ ਵਿਖੇ ਹੀ ਪੰਜਾਬ ਸਰਕਾਰ ਵੱਲੋਂ 1.87 ਕਰੋੜ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਵੀ ਬਣਵਾਇਆ ਜਾ ਰਿਹਾ ਹੈ ਜਿਸ ਦੇ ਨਿਰਮਾਣ ਕਾਰਜ ਚੱਲ ਰਹੇ ਹਨ ਜਿਸ ਵਿਚ ਅਥਲੈਟਿਕਸ ਗਤੀਵਿਧੀਆਂ ਲਈ ਸ਼ਾਨਦਾਰ ਟਰੈਕ ਤੋਂ ਇਲਾਵਾ ਹਾਕੀ, ਬਾਸਕਟਬਾਲ, ਕ੍ਰਿਕਟ, ਓਪਨ ਜਿੰਮ, ਲਾਅਨ ਟੈਨਿਸ ਤੇ ਬੈਡਮਿੰਟਨ ਆਦਿ ਖੇਡਾਂ ਲਈ ਉਚਿਤ ਖੇਡ ਗਰਾਊਂਡ ਤਿਆਰ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੁਨਾਮ ਸ਼ਹਿਰ ਦੇ ਜਿਹੜੇ ਲੋਕਾਂ ਜਾਂ ਖਿਡਾਰੀਆਂ ਨੂੰ ਖੇਡਾਂ ਦੇ ਅਭਿਆਸ ਲਈ ਜਾਂ ਫਿਰ ਸੈਰ ਆਦਿ ਲਈ ਢੁਕਵੀਂ ਥਾਂ ਨਹੀਂ ਮਿਲਦੀ ਸੀ ਉਨ੍ਹਾਂ ਲਈ ਵੀ ਇਹ ਖੇਡ ਸਟੇਡੀਅਮ ਲਾਹੇਵੰਦ ਸਾਬਤ ਹੋਵੇਗਾ। ਇਸ ਮੌਕੇ ਉਪ ਮੰਡਲ ਮੈਜਿਸਟਰੇਟ ਪ੍ਰਮੋਦ ਸਿੰਗਲਾ, ਚੇਅਰਮੈਨ ਮਾਰਕੀਟ ਕਮੇਟੀ ਮੁਕੇਸ਼ ਜੁਨੇਜਾ, ਪ੍ਰਿੰਸੀਪਲ ਰਣਜੀਤ ਸਿੰਘ, ਬਲਾਕ ਪ੍ਰਧਾਨ ਸਾਹਿਬ ਸਿੰਘ, ਸੰਦੀਪ ਜਿੰਦਲ, ਅਮਰੀਕ ਸਿੰਘ ਧਾਲੀਵਾਲ, ਨਰਿੰਦਰ ਠੇਕੇਦਾਰ, ਮਨਪ੍ਰੀਤ ਬਾਂਸਲ ਅਤੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।