ਸਰਕਾਰ ਭਿ੍ਰਸ਼ਟਾਚਾਰ ਦੇ ਖਾਤਮੇ ਲਈ ਪੂਰੀ ਤਰਾਂ ਦਿ੍ਰੜ, ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਭਿ੍ਰਸ਼ਟਾਚਾਰ : ਸਪੀਕਰ ਸੰਧਵਾਂ

ਕੋਟਕਪੂਰਾ, 2 ਜਨਵਰੀ : ਸਥਾਨਕ ਤਹਿਸੀਲ ਕੰਪਲੈਕਸ ਵਿਖੇ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਵਲੋਂ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਅਤੇ ਚੇਅਰਮੈਨ ਪੱਪੂ ਲਹੌਰੀਆ ਦੀ ਅਗਵਾਈ ਹੇਠ ਸ਼ੁਰੂ ਕੀਤੀ ਭਿ੍ਰਸ਼ਟਾਚਾਰ ਵਿਰੋਧੀ ਮੁਹਿੰਮ ਦੇ ਤਿਆਰ ਕੀਤੇ ਸਟੀਕਰ ਸਰਕਾਰੀ ਦਫਤਰਾਂ ਮੂਹਰੇ ਲਾਉਣ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਪੰਜਾਬ ਵਲੋਂ ਜਾਰੀ ਕੀਤੇ ਵਟਸਅਪ ਨੰਬਰ 95012-00200 ਵਾਲੇ ਸਟੀਕਰ ਸਰਕਾਰੀ ਦਫਤਰਾਂ ਦੇ ਬਾਹਰ ਲਾ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਰਾਜ ’ਚ ਭਿ੍ਰਸ਼ਟਾਚਾਰ ਨੂੰ ਕਿਸੇ ਵੀ ਪੱਧਰ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਚਾਹੇ ਕੋਈ ਵੀ ਸਿਆਸਤਦਾਨ, ਮੰਤਰੀ, ਵਿਧਾਇਕ ਜਾਂ ਅਫਸਰਸ਼ਾਹੀ ਹੋਵੇ, ਭਿ੍ਰਸ਼ਟਾਚਾਰ ਸਾਹਮਣੇ ਆਉਣ ’ਤੇ ਉਸ ਵਿਰੁੱਧ ਸਰਕਾਰ ਵਲੋਂ ਸਖਤ ਕਾਰਵਾਈ ਹੋਂਦ ’ਚ ਲਿਆਂਦੀ ਜਾਵੇਗੀ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਆਪਣੇ ਹੀ ਕੈਬਨਿਟ ਮੰਤਰੀ ਦੇ ਭਿ੍ਰਸ਼ਟਾਚਾਰ ਦੇ ਸਾਹਮਣੇ ਆਉਣ ’ਤੇ ਤੁਰਤ ਕਾਰਵਾਈ ਕਰਦਿਆਂ ਉਸ ਨੂੰ ਬਰਖਾਸ਼ਤ ਕਰਕੇ ਰਾਜ ਤੇ ਦੇਸ਼ ਦੇ ਇਤਿਹਾਸ ਵਿੱਚ ਇੱਕ ਨਵੀਂ ਮਿਸਾਲ ਪੈਦਾ ਕੀਤੀ ਹੈ, ਜਿਸ ਨਾਲ ਬਾਕੀ ਸਿਆਸਤਦਾਨਾਂ ਅਤੇ ਅਫਸਰਸ਼ਾਹੀ ਨੂੰ ਸੁਨੇਹਾ ਜਾਂਦਾ ਹੈ ਕਿ ਭਿ੍ਰਸ਼ਟਾਚਾਰ ਨੂੰ ਕਿਸੇ ਵੀ ਪੱਧਰ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ 23 ਮਾਰਚ ਨੂੰ ਸ਼ਹੀਦਾਂ ਦੀ ਧਰਤੀ ਖਟਕੜ ਕਲਾਂ ਤੋਂ ਭਿ੍ਰਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ 95012-00200 ਦੀ ਸ਼ੁਰੂਆਤ ਕੀਤੀ ਸੀ, ਜਿਸ ਦੇ ਵਧੀਆ ਸਿੱਟੇ ਸਾਹਮਣੇ ਆ ਰਹੇ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਡੇ ਤੋਂ ਕੋਈ ਵੀ ਰਿਸ਼ਵਤ ਮੰਗਦਾ ਹੈ ਤਾਂ ਉਸ ਨੂੰ ਮਨਾਂ ਨਾ ਕਰੋ ਅਤੇ ਇਸ ਨੰਬਰ ’ਤੇ ਆਡੀਓ-ਵੀਡੀਓ ਆਦਿਕ ਸਬੂਤਾਂ ਸਮੇਤ ਵਟਸਅਪ ਕਰਕੇ ਭੇਜੋ। ਉਨਾਂ ਕਿਹਾ ਕਿ ਕਿਸੇ ਵੀ ਅਧਿਕਾਰੀ ਕਰਮਚਾਰੀ ’ਤੇ ਇੱਥੋਂ ਤੱਕ ਕਿ ਕੋਈ ਵੀ ਵਿਧਾਇਕ ਜਾਂ ਮੰਤਰੀ ਵੀ ਕਿਉਂ ਨਾ ਹੋਵੇ, ਪੰਜਾਬ ਸਰਕਾਰ ਵੱਢੀਖੋਰੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨਾਂ ਕਿਹਾ ਕਿ ਚਾਹੇ ਕੋਈ ਵੀ ਵਿਅਕਤੀ ਕਿੰਨਾ ਵੀ ਰਸੂਖਦਾਰ ਹੋਵੇ, ਉਸਨੂੰ ਬੇਨਿਯਮੀ ਜਾਂ ਭਿ੍ਰਸ਼ਟਾਚਾਰ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਸ. ਸੰਧਵਾਂ ਨੇ ਅੱਗੇ ਕਿਹਾ ਕਿ ਰਾਜ ਦੇ ਲੋਕਾਂ ਨੇ ਪੰਜਾਬ ’ਚ ਆਮ ਆਦਮੀ ਪਾਰਟੀ ਨੂੰ ਪਾਰਦਰਸ਼ੀ ਅਤੇ ਭਿ੍ਰਸ਼ਟਾਚਾਰ ਮੁਕਤ ਨਿਆਂ ਲਈ ਚੁਣਿਆ ਸੀ ਅਤੇ ਸਾਡਾ ਇਹ ਫਰਜ ਬਣਦਾ ਹੈ ਕਿ ਅਸੀਂ ਰਾਜ ਦੇ ਹਰੇਕ ਨਾਗਰਿਕ ਦੀਆਂ ਇੱਛਾਵਾਂ ’ਤੇ ਖਰੇ ਉਤਰੀਏ। ਉਨਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਭਿ੍ਰਸ਼ਟਾਚਾਰ ਵਿਰੁੱਧ ਲਏ ਗਏ ਐਕਸ਼ਨ ਦੀ ਚਰਚਾ ਦੇਸ਼ ਹੀ ਨਹੀਂ, ਬਲਕਿ ਵਿਦੇਸ਼ਾਂ ’ਚ ਵੀ ਹੋ ਰਹੀ ਹੈ। ਉਨਾਂ ਕਿਹਾ ਕਿ ਆਜਾਦੀ ਦੇ 75 ਸਾਲ ਬਾਅਦ ਰਾਜ ’ਚ ਇਹ ਪਹਿਲੀ ਵਾਰ ਮਿਸਾਲ ਪੈਦਾ ਹੋਈ ਹੈ, ਜਿੱਥੇ ਕਿਸੇ ਸਰਕਾਰ ਨੇ ਆਪਣੇ ਵਜੀਰ ਨੂੰ ਭਿ੍ਰਸ਼ਟਾਚਾਰ ਦੇ ਦੋਸ਼ਾਂ ’ਚ ਤੁਰਤ ਬਰਖਾਸ਼ਤ ਕੀਤਾ ਹੋਵੇ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਸਾਲ 2015 ਨੂੰ ਇਸ ਤਰਾਂ ਦੀ ਮਿਸਾਲ ਕਾਇਮ ਕੀਤੀ ਸੀ, ਜਦੋਂ ਉਨਾਂ ਨੇ ਭਿ੍ਰਸ਼ਟਾਚਾਰ ਦੇ ਦੋਸ਼ਾਂ ਹੇਠ ਆਪਣੇ ਖੁਰਾਕ ਤੇ ਸਪਲਾਈ ਮੰਤਰੀ ਨੂੰ ਬਰਖਾਸ਼ਤ ਕੀਤਾ ਸੀ। ਸਪੀਕਰ ਸੰਧਵਾਂ ਨੇ ਸਮੂਹ ਲੋਕਾਂ ਨੂੰ ਸੱਦਾ ਦਿੱਤਾ ਕਿ ਰਾਜ ਦੀ ਤਰੱਕੀ, ਉੱਨਤੀ, ਵਿਕਾਸ, ਭਿ੍ਰਸਟਾਚਾਰ, ਨਸ਼ਿਆਂ ਦੇ ਖਾਤਮੇ ਅਤੇ ਆਪਸੀ ਭਾਈਚਾਰਾ ਬਣਾਈ ਰੱਖਣ ਲਈ ਪੰਜਾਬ ਸਰਕਾਰ ਦਾ ਸਾਥ ਦੇਣ। ਰਜਿੰਦਰ ਸਿੰਘ ਸਰਾਂ, ਸੁਰਿੰਦਰ ਸਿੰਘ ਸਦਿਉੜਾ, ਪ੍ਰੋ ਐਚ ਐਸ ਪਦਮ, ਗੁਰਿੰਦਰ ਸਿੰਘ ਮਹਿੰਦੀਰੱਤਾ, ਜਸਕਰਨ ਸਿੰਘ ਭੱਟੀ, ਗੁਰਮੀਤ ਸਿੰਘ ਮੀਤਾ, ਕੈਪਟਨ ਰੂਪ ਚੰਦ ਅਰੋੜਾ, ਬਿੱਟਾ ਠੇਕੇਦਾਰ, ਓਮ ਪ੍ਰਕਾਸ਼ ਗੁਪਤਾ, ਕਾਕਾ ਸ਼ਰਮਾ, ਸੰਦੀਪ ਕੌੜਾ, ਰਾਜ ਕੁਮਾਰ ਅਗਰਵਾਲ ਆਦਿ ਨੇ ਦੱਸਿਆ ਕਿ ਗੁੱਡ ਮੌਰਨਿੰਗ ਕਲੱਬ ਵਲੋਂ ਹਜਾਰਾਂ ਦੀ ਗਿਣਤੀ ਵਿੱਚ ਛਪਵਾਏ ਗਏ ਉਕਤ ਸਟੀਕਰ ਪੰਜਾਬ ਭਰ ਦੇ ਸਰਕਾਰੀ ਦਫਤਰਾਂ ਤੋਂ ਇਲਾਵਾ ਬੱਸਾਂ, ਟਰੱਕਾਂ, ਕਾਰਾਂ, ਜੀਪਾਂ ਸਮੇਤ ਹਰ ਤਰਾਂ ਦੇ ਵਾਹਨਾਂ ’ਤੇ ਲਾਉਣ ਦੀ ਕੌਸ਼ਿਸ਼ ਕੀਤੀ ਜਾਵੇਗੀ।