ਸਰਕਾਰ ਨੇ ਸਿਹਤ ਦੇ ਖੇਤਰ ਵਿੱਚ ਸ਼ਾਨਦਾਰ ਮਾਡਲ ਸਫ਼ਲਤਾ ਨਾਲ ਲਾਗੂ ਕਰਕੇ ਕ੍ਰਾਂਤੀਕਾਰੀ ਬਦਲਾਅ ਲਿਆਂਦੇ: ਅਮਨ ਅਰੋੜਾ

ਸੁਨਾਮ ਊਧਮ ਸਿੰਘ ਵਾਲਾ, 27 ਜਨਵਰੀ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਦਿਨੋ ਦਿਨ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਇਲਾਜ ਸੁਵਿਧਾਵਾਂ ਤੋਂ ਰਾਹਤ ਦੇਣ ਲਈ ਸ਼ਹਿਰੀ ਤੇ ਦਿਹਾਤੀ ਖੇਤਰਾਂ ਵਿੱਚ ਘਰਾਂ ਦੇ ਨੇੜੇ ਹੀ ਆਮ ਆਦਮੀ ਕਲੀਨਿਕ ਸਥਾਪਤ ਕੀਤੇ ਗਏ ਹਨ ਤਾਂ ਜੋ ਲੋਕਾਂ ਨੂੰ ਇਲਾਜ ਕਰਵਾਉਣ ਲਈ ਸੰਕਟ ਦੀ ਘੜੀ ਵਿੱਚ ਆਰਥਿਕ ਸੋਸ਼ਣ ਦਾ ਸਿ਼ਕਾਰ ਨਾ ਹੋਣਾ ਪਵੇ। ਇਹ ਪ੍ਰਗਟਾਵਾ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ, ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਅਤੇ ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਸੁਨਾਮ ਸ਼ਹਿਰ ਦੇ ਵਾਰਡ ਨੰਬਰ 3 ਵਿਖੇ ਨਵੇਂ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਮੌਕੇ ਸੁਨਾਮ ਵਾਸੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਦਿੱਲੀ ਵਿਖੇ ਸਿਹਤ ਖੇਤਰ ਵਿੱਚ ਸ਼ਾਨਦਾਰ ਮਾਡਲ ਸਥਾਪਤ ਕੀੇਤੇ ਹਨ ਅਤੇ ਹੁਣ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਵੀ ਇਸ ਬੁਨਿਆਦੀ ਲੋੜ ਦੇ ਖੇਤਰ ਵਿੱਚ ਇਨਕਲਾਬੀ ਤੇ ਅਗਾਂਹਵਧੂ ਉਪਰਾਲਿਆਂ ਨੂੰ ਪੜਾਅ ਵਾਰ ਸਫ਼ਲਤਾ ਨਾਲ ਲਾਗੂ ਕੀਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਸ਼੍ਰੀ ਅਰੋੜਾ ਨੇ ਕਿਹਾ ਕਿ ਪਿਛਲੇ ਦਸ ਮਹੀਨਿਆਂ ਵਿੱਚ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਨੇਕਾਂ ਮਹੱਤਵਪੂਰਨ ਪ੍ਰੋਜੈਕਟਾਂ ਨੂੰ ਮੁਕੰਮਲ ਕਰਕੇ ਮੀਲ ਪੱਥਰ ਸਥਾਪਤ ਕਰ ਦਿਖਾਏ ਹਨ। ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਬੀਤੇ ਵਰ੍ਹੇ 15 ਅਗਸਤ ਨੂੰ ਪੰਜਾਬ ਵਿੱਚ ਅਜਿਹੇ 100 ਆਮ ਆਦਮੀ ਪਾਰਟੀ ਕਲੀਨਿਕ ਖੋਲ੍ਹੇ ਗਏ ਸਨ ਜਿਨ੍ਹਾਂ ਵਿੱਚ 10.15 ਲੱਖ ਤੋਂ ਵੀ ਵੱਧ ਲੋੜਵੰਦ ਲੋਕਾਂ ਵੱਲੋਂ ਮੁਫ਼ਤ ਇਲਾਜ ਸੁਵਿਧਾਵਾਂ ਹਾਸਲ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਮੁੱਖ ਟੀਚਾ ਪੰਜਾਬ ਵਾਸੀਆਂ ਨੂੰ ਸਿਹਤਮੰਦ ਬਣਾਉਣਾ ਹੈ ਅਤੇ ਇਸ ਆਸ਼ੇ ਦੀ ਪੂਰਤੀ ਹਿੱਤ ਹੀ ਸਿਹਤ ਸੁਵਿਧਾਵਾਂ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਵ ਲਿਆਉਂਦੇ ਹੋਏ ਅੱਜ ਸੂਬੇ ਭਰ ਵਿੱਚ 400 ਹੋਰ ਨਵੇਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਿੱਚ ਮਰੀ਼ਜਾਂ ਨੂੰ ਬਿਨਾਂ ਕਿਸੇ ਫੀਸ ਤੋਂ ਸਾਰੀਆਂ ਲੋੜੀਂਦੀਆਂ ਜੀਵਨ ਰੱਖਿਅਕ ਦਵਾਈਆਂ ਅਤੇ 41 ਤੋਂ ਵੀ ਵੱਧ ਟੈਸਟਾਂ ਦੀ ਸੁਵਿਧਾ ਉਪਲਬਧ ਕਰਵਾਈ ਜਾ ਰਹੀ ਹੈ ਜੋ ਕਿ ਪਹਿਲਾਂ ਹੀ ਪੰਜਾਬ ਵਾਸੀਆਂ ਲਈ ਵਰਦਾਨ ਸਾਬਤ ਹੋ ਰਹੇ ਹਨ। ਕੈਬਨਿਟ ਮੰਤਰੀ ਸ਼੍ਰੀ ਅਰੋੜਾ ਨੇ ਕਿਹਾ ਕਿ ਸੂਬੇ ਦੇ ਕਿਸੇ ਵੀ ਹਸਪਤਾਲ ਜਾਂ ਸਿਹਤ ਕੇਂਦਰ ਵਿੱਚ ਨਾ ਦਵਾਈਆਂ ਦੀ ਕਮੀ ਆਵੇਗੀ ਅਤੇ ਨਾ ਹੀ ਡਾਕਟਰੀ ਸਟਾਫ਼ ਜਾਂ ਕਿਸੇ ਹੋਰ ਅਮਲੇ ਦੀ ਘਾਟ ਰਹੇਗੀ। ਉਨ੍ਹਾਂ ਕਿਹਾ ਕਿ ਸਰਕਾਰ ਇਸ ਦਿਸ਼ਾ ਵਿੱਚ ਅਨੇਕਾਂ ਸਾਰਥਕ ਕਦਮ ਪੁੱਟ ਰਹੀ ਹੈ ਜੋ ਜਲਦੀ ਹੀ ਲੋਕਾਂ ਸਾਹਮਣੇ ਹੋਣਗੇ। ਇਸ ਮੌਕੇ ਅੰਮ੍ਰਿਤਸਰ ਵਿਖੇ ਆਯੋਜਿਤ ਰਾਜ ਪੱਧਰੀ ਸਮਾਗਮ ਦਾ ਸਿੱਧਾ ਪ੍ਰਸਾਰਨ ਵੀ ਵੱਡੀਆਂ ਸਕਰੀਨਾਂ ਰਾਹੀਂ ਲੋਕਾਂ ਨੂੰ ਦਿਖਾਇਆ ਗਿਆ।   ਸਮਾਗਮ ਦੌਰਾਨ ਉਪ ਮੰਡਲ ਮੈਜਿਸਟਰੇਟ ਜਸਪ੍ਰੀਤ ਸਿੰਘ, ਜਤਿੰਦਰ ਜੈਨ, ਕੌਂਸਲਰ ਸੰਨੀ ਕਾਂਸਲ, ਆਸ਼ੂ ਗੋਇਲ, ਚਮਕੌਰ ਹਾਂਡਾ, ਗੁਰਤੇਜ਼ ਸਿੰਘ, ਬਲਜੀਤ ਸਿੰਘ, ਮੁਕੇਸ਼ ਜੁਨੇਜਾ, ਮਨੀ ਸਰਾਓ, ਭਾਨੂੰ ਪ੍ਰਤਾਪ, ਲਾਭ ਸਿੰਘ ਨੀਲੋਵਾਲ, ਯਾਦਵਿੰਦਰ ਸਿੰਘ ਰਾਜਾ, ਰਾਜਨ ਸਿੰਗਲਾ, ਸਾਹਿਬ ਸਿੰਘ, ਆਤਮਾ ਸੈਨੀ, ਹਰਮੀਤ ਵਿਰਕ, ਕਨ੍ਹਈਆ ਕੁਮਾਰ, ਸੰਦੀਪ ਜਿੰਦਲ, ਸੋਨੂੰ ਵਰਮਾ, ਯਸ਼ਪਾਲ, ਨਰਿੰਦਰ ਠੇਕੇਦਾਰ, ਵਿਸ਼ਾਲ ਕੌਸ਼ਲ ਆਦਿ ਵੀ ਹਾਜ਼ਰ ਸਨ।