ਸਰਕਾਰੀ ਤੇ ਪ੍ਰਾਈਵੇਟ ਸਿੱਖਿਆ ਅਦਾਰਿਆਂ ਨੂੰ ਇੱਕਠੇ ਹੋ ਕੇ ਖੇਡ ਖੇਤਰ ਵਿੱਚ ਕੰਮ ਕਰਨ ਦੀ ਜਰੂਰਤ : ਖੇਡ ਮੰਤਰੀ

ਲੁਧਿਆਣਾ : ਸਰਕਾਰੀ ਤੇ ਪ੍ਰਾਈਵੇਟ ਸਿੱਖਿਆ ਅਦਾਰਿਆਂ ਨੂੰ ਇੱਕਠੇ ਹੋ ਕੇ ਖੇਡ ਖੇਤਰ ਵਿੱਚ ਕੰਮ ਕਰਨ ਦੀ ਜਰੂਰਤ ਹੈ ਤਾਂ ਜ਼ੋ ਪੰਜਾਬ ਵਿੱਚ ਖੇਡ ਕਲਚਰ ਨੂੰ ਹੋਰ ਪ੍ਰਫੁੱਲਤ ਕੀਤਾ ਜਾ ਸਕੇ। ਇਹ ਪ੍ਰਗਟਾਵਾ ਪੰਜਾਬ ਦੇ ਪ੍ਰਸ਼ਾਸਿਕ ਸੁਧਾਰ, ਪ੍ਰਿੰਟਿੰਗ ਸਟੇਸ਼ਨਰੀ, ਵਿਗਿਆਨ ਤਕਨਾਲੋਜੀ, ਵਾਤਾਵਰਣ, ਖੇਡਾਂ ਤੇ ਯੁਵਕ ਸੇਵਾਵਾਂ ਅਤੇ ਉਚੇਰੀ ਸਿੱਖਿਆ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪਲੈਨੇਟ ਈ ਸਕੂਲ, ਖੰਨਾ ਵਿਖੇ ਕਰਵਾਈਆਂ ਗਈਆਂ ਖੇਡਾਂ `ਚ ਸ਼ਾਮਲ ਹੋਣ ਮੌਕੇ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਖੰਨਾ ਦੇ ਵਿਧਾਇਕ ਸ੍ਰ. ਤਰੁਨਪ੍ਰੀਤ ਸਿੰਘ ਸੌਦ ਅਤੇ ਸਮਰਾਲਾ ਦੇ ਵਿਧਾਇਕ ਸ੍ਰ. ਜਗਤਾਰ ਸਿੰਘ ਦਿਆਲਪੁਰਾ ਵੀ ਸ਼ਾਮਲ ਸਨ। ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਉਪਰਾਲੇ ਕਰ ਰਹੀ ਹੈ ਕਿ ਪੰਜਾਬ ਵਿੱਚ ਖੇਡ ਕਲਚਰ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ 3 ਲੱਖ ਬੱਚਿਆਂ/ਖਿਡਾਰੀਆਂ ਜਿਨ੍ਹਾਂ ਨੇ ਖੇਡਾਂ ਵਤਨ ਪੰਜਾਬ ਦੀਆਂ` ਵਿੱਚ ਹਿੱਸਾ ਲਿਆ ਉਸ `ਚ ਹਿੱਸਾ ਲੈਣ ਤੋਂ ਬਾਅਦ 10 ਹਜ਼ਾਰ ਖਿਡਾਰੀਆਂ ਮਹੱਤਵਪੂਰਨ ਪੁਜੀਸ਼ਨਾਂ ਹਾਸਲ ਕਰਨ ਵਿੱਚ ਸਫ਼ਲ ਹੋਏ। ਉਹਨਾਂ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਇੱਕ ਬਟਨ ਦਬਾ ਕੇ ਉਨ੍ਹਾਂ 10 ਹਜ਼ਾਰ ਖਿਡਾਰੀਆਂ ਦੇ ਬੈਂਕ ਖਾਤਿਆਂ `ਚ ਇਨਾਮੀ ਰਾਸ਼ੀ ਪਾਈ ਗਈ। ਉਹਨਾਂ ਕਿਹਾ ਕਿ ਇਸ ਰਕਮ ਨਾਲ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਖਿਡਾਰੀਆਂ ਦਾ ਹੌਸਲਾ ਵਧਾਇਆ ਹੈ। ਉਨ੍ਹਾਂ ਕਿਹਾ ਕਿ ਮੈਂ ਪਿਛਲੀ ਦਿਨੀਂ ਪੰਜਾਬ ਦੇ ਦੌਰੇ ਦੌਰਾਨ ਉਹਨਾਂ ਦਰਜਨਾਂ ਖਿਡਾਰੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਮਿਲਿਆ ਅਤੇ ਉਹਨਾਂ ਨੇ ਮਿਲ ਕੇ ਆਪਣੀ ਖੁਸ਼ੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਉਹਨਾਂ ਦੇ ਘਰ ਵੀ ਮੈਡਲ ਆਏ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਖਿਡਾਰੀ ਅਤੇ ਉਹਨਾਂ ਦੇ ਮਾਪੇ ਉਤਸ਼ਾਹਿਤ ਹਨ। ਖੇਡ ਮੰਤਰੀ ਨੇ ਕਿਹਾ ਕਿ ਭਾਵੇ ਇਨਾਮੀ ਰਾਸ਼ੀ ਕੁਝ ਵੀ ਰਹੀ ਹੋਵੇ ਉਹੋਂ ਖਿਡਾਰੀਆਂ ਦਾ ਹੌਸਲਾ ਵਧਾਉਣ ਵਿੱਚ ਮੱਦਦਗਾਰ ਹੈ। ਉਨ੍ਹਾਂ ਕਿਹਾ ਕਿ ਬਲਬੀਰ ਸਿੰਘ ਸੀਨੀਅਰ ਸਕਾਲਰਸਿ਼ਪ ਸਕੀਮ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਹੈ ਇਹ ਪੰਜਾਬ ਦੇ ਜਿੰਨੇ ਵੀ ਨੈਸ਼ਨਲ ਖਿਡਾਰੀ ਹਨ ਉਨ੍ਹਾਂ ਸਾਰਿਆਂ ਨੂੰ 8 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਅਤੇ ਡਾਇਟ ਇਸ ਤੋਂ ਅਲੱਗ ਤਕਰੀਬਨ ਰੋਜ਼ਾਨਾ ਦੀ 225 ਰੁਪਏ ਪੰਜਾਬ ਸਰਕਾਰ ਵੱਲੋਂ ਦੇਣ ਦਾ ਫੈਸਲਾ ਲਿਆ ਹੈ, ਜਿਸ ਨਾਲ ਉਨ੍ਹਾਂ ਖਿਡਾਰੀਆਂ ਨੂੰ ਹੌਂਸਲਾ ਮਿਲੇਗਾ। ਉਹਨਾਂ ਕਿਹਾ ਕਿ ਜਦੋਂ ਖਿਡਾਰੀ ਓਲੰਪਿਕ ਜਾਂ ਕਾਮਨਵੈਲਥ ਵਿਚੋਂ ਮੈਡਲ ਲੈ ਕੇ ਆਉਂਦਾ ਹੈ ਉਦੋਂ ਤਾਂ ਪੰਜਾਬ ਸਰਕਾਰ ਕੋਲ ਪਾਲਿਸੀ ਹੈ ਕਿ ਉਨ੍ਹਾਂ ਨੂੰ ਨਕਦ ਇਨਾਮੀ ਰਾਸ਼ੀ ਅਤੇ ਨੌਕਰੀ ਵੀ ਦਿੰਦੇ ਹਾਂ, ਪਰ ਉਹਨਾਂ ਖਿਡਾਰੀਆਂ ਨੂੰ ਮੈਡਲ ਤੱਕ ਕਿਵੇਂ ਲੈ ਕੇ ਜਾਣਾ ਹੈ ਇਸ ਦੇ ਲਈ ਵੀ ਪੰਜਾਬ ਸਰਕਾਰ ਨੂੰ ਕੰਮ ਕਰਨ ਦੀ ਜ਼ਰੂਰਤ ਸੀ। ਉਹਨਾਂ ਕਿਹਾ ਕਿ ਮੈਂ ਧੰਨਵਾਦ ਕਰਦਾ ਹਾਂ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਦਾ ਜਿਹਨਾਂ ਨੇ ਵਜ਼ੀਫਾ ਸਕੀਮ ਸ਼ੁਰੂ ਕੀਤੀ ਹੈ ਇਸ ਦੇ ਨਾਲ ਬਹੁਤ ਵੱਡੇ ਪੱਧਰ `ਤੇ ਪੰਜਾਬ ਦੇ ਖਿਡਾਰੀਆਂ ਨੂੰ ਮਦਦ ਮਿਲੇਗੀ। ਉਹਨਾਂ ਕਿਹਾ ਕਿ ਇਸ ਦੇ ਨਾਲ ਆਉਣ ਵਾਲੇ ਸਮੇਂ `ਚ ਜਿਹੜੇ 3 ਲੱਖ ਖਿਡਾਰੀਆਂ ਨੇ `ਖੇਡਾਂ ਵਤਨ ਪੰਜਾਬ ਦੀਆਂ` ਵਿੱਚ ਭਾਗ ਲਿਆ ਹੈ ਉਹਨਾਂ ਵਿਚੋਂ ਵੀ, ਅਤੇ ਜਿਨ੍ਹਾਂ ਦੀ ਸਰਕਾਰ ਮਦਦ ਕਰ ਰਹੀ ਹੈ, ਬਾਕੀ ਪੰਜਾਬ ਦੀ ਜਰਖੇਜ਼ ਧਰਤੀ ਹੈ ਇਸ ਧਰਤੀ `ਚ ਤਾਕਤ ਹੈ, ਇਸ ਧਰਤੀ ਨੇ ਬਹੁਤ ਮਿਹਨਤੀ ਤੇ ਵੱਡੇ ਖਿਡਾਰੀਆਂ ਨੂੰ ਜਨਮ ਦਿੱਤਾ ਹੈ, ਸਿਰਫ ਪਲੇਟਫਾਰਮ ਦੇਣ ਦੀ ਜ਼ਰੂਰਤ ਹੈ, ਅਸੀਂ ਉਹ ਦੇ ਰਹੇ ਹਾਂ ਅਤੇ ਆਉਣ ਵਾਲੇ ਸਮੇਂ `ਚ ਵੀ ਪੰਜਾਬ ਤੋਂ ਬਹੁਤ ਵੱਡੇ-ਵੱਡੇ ਖਿਡਾਰੀ ਪੈਦਾ ਹੋਣਗੇ। ਉਹਨਾਂ ਪਲਾਨੈੱਟ ਈ-ਸਕੂਲ ਖੰਨਾ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਚੰਗੀ ਗੱਲ  ਹੈ ਕਿ ਇਨ੍ਹਾਂ ਨੇ ਆਪਣੇ ਸਕੂਲ `ਚ ਖੇਡਾਂ ਕਰਵਾ ਕੇ ਬੱਚਿਆਂ ਨੂੰ ਖੇਡਾਂ ਨਾਲ ਜ਼ੋੜਨ ਦਾ ਉਪਰਾਲਾ ਕੀਤਾ ਹੈ। ਇਸ ਤੋਂ ਪਹਿਲਾਂ ਖੇਡ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਪੰਜਾਬ ਪੁਲਿਸ ਦੇ ਜਵਾਨਾਂ ਵਲੋਂ ਸਥਾਨਕ ਸਕੂਲ ਵਿਖੇ ਗਾਰਡ ਆਫ਼ ਆਨਰ ਦਿੱਤਾ ਗਿਆ ਜਿਥੇ ਵੱਖ-ਵੱਖ ਸਿਆਸੀ ਆਗੂਆਂ ਵਲੋਂ ਉਨ੍ਹਾਂ ਦਾ ਸਵਾਗਤ ਵੀ ਕੀਤਾ ਗਿਆ। ਇਸ ਮੌਕੇ ਸੀਨੀਅਰ ਆਗੂ ਆਮ ਆਦਮੀ ਪਾਰਟੀ ਸ੍ਰੀ ਭੁਪਿੰਦਰ ਸਿੰਘ ਸੌਦ, ਪਲਾਨੈਂਟ ਈ ਸਕੂਲ ਖੰਨਾ  ਦੇ ਡਾਇਰੈਕਟਰ ਸੋਨੀਆ ਧਵਨ, ਪ੍ਰਿੰਸੀਪਲ ਗੁਰਪ੍ਰੀਤ ਕੌਰ ਮਲਿਕ, ਡੀ.ਐਸ.ਪੀ ਸ੍ਰੀ ਵਿਲੀਅਮ ਜੈਜੀ, ਡੀ.ਐਸ.ਪੀ ਸ੍ਰੀ ਕਰਨੈਲ ਸਿੰਘ, ਆਪ ਆਗੂ ਸ੍ਰੀ ਹਰਿੰਦਰ ਸਿੰਘ ਧਾਲੀਵਾਲ, ਸ੍ਰੀ ਲਛਮਣ ਸਿੰਘ ਗਰੇਵਾਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਕੂਲ ਸਟਾਫ ਤੇ ਬੱਚੇ ਵੱਡੀ ਗਿਣਤੀ ਵਿੱਚ ਮੌਜੂਦ ਸਨ।