ਪ੍ਰੋਟੀਨ ਅਤੇ ਬੀ-12 ਵਿਟਾਮਿਨ ਨਾਲ ਭਰਪੂਰ ਹੁੰਦਾ ਹੈ ਬੱਕਰੀ ਦਾ ਮੀਟ, ਧੰਦਾ ਅਪਣਾ ਕੇ ਹੋ ਸਕਦੀ ਚੋਖੀ ਕਮਾਈ

  • ਬੱਕਰੀ ਪਾਲਣ ਦੇ ਧੰਦੇ ਵਿੱਚ ਨਿਪੁੰਨਤਾ ਲਈ ਵਿਭਾਗ ਦੇ ਰਿਹੈ ਟ੍ਰੇਨਿੰਗਾਂ-ਡਿਪਟੀ ਡਾਇਰੈਕਟਰ ਪਸ਼ੂ ਪਾਲਣ

ਮੋਗਾ, 26 ਮਈ : ਅੱਜ ਦੇ ਯੁੱਗ ਵਿੱਚ ਵਾਹੀਯੋਗ ਜ਼ਮੀਨ ਘਟਦੀ ਜਾ ਰਹੀ ਹੈ ਅਤੇ ਵੱਡੇ ਦੁਧਾਰੂ ਪਸ਼ੂਆਂ ਦੀ ਸਾਂਭ ਸੰਭਾਲ, ਪਾਲਣ ਪੋਸ਼ਣ ਕਰਨ ਵਿੱਚ ਦਿੱਕਤ ਆ ਰਹੀ ਹੈ। ਇਸ ਸਮੇਂ ਕਿਸਾਨ ਬੱਕਰੀ ਪਾਲਣ ਦਾ ਧੰਦਾ ਅਪਣਾ ਕੇ ਚੋਖਾ ਮੁਨਾਫ਼ਾ ਕਮਾ ਸਕਦੇ ਹਨ। ਬੱਕਰੀ ਪਾਲਣ ਦਾ ਧੰਦਾ ਹੁਣ ਫਾਰਮ ਦੇ ਰੂਪ ਵਿੱਚ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਜਾਨਵਰ ਪੰਜਾਬ ਦੇ ਵਾਤਾਵਰਨ ਦੇ ਅਨੁਕੂਲ ਹੈ। ਬੱਕਰੀ ਸਾਲ ਵਿੱਚ ਦੋ ਵਾਰ ਬੱਚੇ ਪੈਦਾ ਕਰਦੀ ਹੈ। ਇਸ ਦਾ ਦੁੱਧ ਵੀ ਗੁਣਕਾਰੀ ਹੁੰਦਾ ਹੈ ਅਤੇ ਇਸਦਾ ਮੀਟ ਵੀ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਡਾ. ਹਰਵੀਨ ਕੌਰ ਨੇ ਦੱਸਿਆ ਕਿ ਬੱਕਰੀ ਦੇ ਮੀਟ ਨੂੰ ਚੀਵੋਨ ਕਹਿੰਦੇ ਹਨ। ਇਸ ਵਿੱਚ ਪ੍ਰੋਟੀਨ ਅਤੇ ਵਿਟਾਮਿਨ ਬੀ-12 ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਧੰਦੇ ਨੂੰ ਪ੍ਰਫੁੱਲਿਤ ਕਰਨ ਵਾਸਤੇ ਪਸ਼ੂ ਪਾਲਣ ਵਿਭਾਗ ਵੱਲੋਂ ਹਰ ਮਹੀਨੇ ਪਟਿਆਲਾ ਅਤੇ ਕੋਟਕਪੂਰਾ ਵਿਖੇ ਟ੍ਰੇਨਿੰਗਾਂ ਕਰਵਾਈਆਂ ਜਾਂਦੀਆਂ ਹਨ। ਆਪਣੇ ਪਿੰਡ ਦੇ ਨੇੜੇ ਦੇ ਪਸ਼ੂ ਹਸਪਤਾਲ ਜਾਂ ਡਿਸਪੈਂਸਰੀ ਵਿੱਚ ਜਾ ਕੇ ਇਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪਟਿਆਲਾ (ਰੌਣੀ ਫਾਰਮ) ਵਿਖੇ ਜੂਨ ਮਹੀਨੇ ਦੀ ਟ੍ਰੇਨਿੰਗ ਦਾ ਸ਼ਡਿਊਲ ਬਾਰੇ ਜਾਣਕਾਰੀ ਦਿੰਦਿਆਂ ਡਾ. ਹਰਵੀਨ ਕੌਰ ਨੇ ਦੱਸਿਆ ਕਿ 6 ਤੋਂ 7 ਜੂਨ, 13 ਤੋਂ 14 ਜੂਨ ਅਤੇ 27 ਤੋਂ 28 ਜੂਨ ਤੱਕ ਇਹ ਟ੍ਰੇਨਿੰਗਾਂ ਆਯੋਜਿਤ ਕਰਵਾਈਆਂ ਜਾ ਰਹੀਆਂ ਹਨ। ਡਿਪਟੀ ਡਾਇਰੈਕਟਰ ਪਸੂ ਪਾਲਣ ਦੇ ਚਾਹਵਾਨ ਕਿਸਾਨਾਂ/ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਦਿੱਤੇ ਜਾ ਰਹੇ ਇਸ ਮੌਕੇ ਦਾ ਵੱਧ ਤੋਂ ਵੱਧ ਗਿਣਤੀ ਵਿੱਚ ਲਾਹਾ ਪ੍ਰਾਪਤ ਕਰਕੇ ਆਪਣੀ ਆਮਦਨੀ ਦੇ ਸਰੋਤਾਂ ਵਿੱਚ ਵਾਧਾ ਕਰਨ।