ਵਿਧਾਇਕ ਮਾਣੂੰਕੇ ਵੱਲੋਂ ਬੇਟ ਇਲਾਕੇ ਨੂੰ ਬਿਜਲੀ ਦੇ ਨਵੇਂ 66 ਕੇਵੀ ਗਰਿੱਡ ਦੀ ਸੌਗ਼ਾਤ

  • ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. 22 ਮਈ ਨੂੰ ਰੱਖਣਗੇ ਨੀਂਹ ਪੱਥਰ

ਜਗਰਾਉਂ, 18 ਮਈ : ਹਲਕਾ ਜਗਰਾਉਂ ਦੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਲਗਾਤਾਰ ਸਖਤ ਮਿਹਨਤ ਅਤੇ ਉਪਰਾਲੇ ਕਰਕੇ ਬੇਟ ਇਲਾਕੇ ਦੇ ਲੋਕਾਂ ਨੂੰ ਬਿਜਲੀ ਸਪਲਾਈ ਦੀ ਘੱਟ ਵੋਲਟੇਜ਼ ਦੀ ਸਮੱਸਿਆ ਤੋਂ ਨਿਯਾਤ ਦਿਵਾਉਣ ਲਈ ਬਿਜਲੀ ਦੇ ਨਵੇਂ 66 ਕੇਵੀ ਗਰਿੱਡ ਦੀ ਸੌਗ਼ਾਤ ਦੇਣ ਜਾ ਰਹੇ ਹਨ ਅਤੇ ਇਸ ਦਾ ਨੀਂਹ ਪੱਥਰ ਬੇਟ ਇਲਾਕੇ ਦੇ ਪਿੰਡ ਗਿੱਦੜਵਿੰਡੀ ਵਿਖੇ 22 ਮਈ ਦਿਨ ਸੋਮਵਾਰ ਨੂੰ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵਿਸ਼ੇਸ਼ ਤੌਰਤੇ ਪਹੁੰਚਕੇ ਆਪਣੇ ਕਰ-ਕਮਲਾਂ ਨਾਲ ਰੱਖਣਗੇ ਅਤੇ ਇਸ ਮੌਕੇ ਭੂੰਦੜੀ ਤੋਂ ਸਿੱਧਵਾਂ ਬੇਟ ਤੱਕ ਉਸਾਰੀ ਗਈ ਨਵੀਂ 66 ਕੇਵੀ ਲਾਈਨ ਦਾ ਉਦਘਾਟਨ ਵੀ ਕਰਨਗੇ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਹਲਕਾ ਜਗਰਾਉਂ ਦੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਹਲਕੇ ਅੰਦਰ ਬਿਜਲੀ ਸਪਲਾਈ ਦੀ ਸਮੱਸਿਆ ਨੂੰ ਵੇਖਦੇ ਹੋਏ ਬੇਟ ਇਲਾਕੇ ਦੇ ਪਿੰਡ ਗਿੱਦੜਵਿੰਡੀ ਵਿਖੇ ਨਵਾਂ 66 ਕੇਵੀ ਪਾਵਰ ਗਰਿੱਡ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਪੱਤਰ ਨੰ: 876 ਮਿਤੀ 23 ਫਰਵਰੀ 2023 ਨੂੰ ਮੰਨਜੂਰ ਕਰਵਾਇਆ ਗਿਆ ਹੈ। ਜਿਸ ਤਹਿਤ ਨਵੇਂ ਬਣਨ ਵਾਲੇ 66 ਕੇਵੀ ਗਰਿੱਡ ਵਿੱਚ ਇੱਕ ਨਵਾਂ 66 ਕੇਵੀ ਬਰੇਕਰ ਸਥਾਪਿਤ ਕੀਤਾ ਜਾਵੇਗਾ ਅਤੇ 6.5 ਕਿਲੋ ਮੀਟਰ ਲੰਮੀ ਸਿੱਧਵਾਂ ਬੇਟ ਤੋਂ ਗਿੱਦੜਵਿੰਡੀ ਤੱਕ 66 ਕੇਵੀ ਲਾਈਨ ਦੀ ਉਸਾਰੀ ਕੀਤੀ ਜਾਵੇਗੀ। ਗਿੱਦੜਵਿੰਡੀ ਵਿਖੇ ਬਣਨ ਵਾਲੇ ਨਵੇਂ ਪਾਵਰ ਗਰਿੱਡ ਉਪਰ ਲਗਭਗ ਸਵਾ ਚਾਰ ਕਰੋੜ ਰੁਪਏ ਦਾ ਖਰਚਾ ਆਵੇਗਾ, ਜੋ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਮੰਨਜੂਰ ਕਰ ਦਿੱਤਾ ਗਿਆ ਹੈ। ਬੀਬੀ ਮਾਣੂੰਕੇ ਨੇ ਹੋਰ ਦੱਸਿਆ ਕਿ ਗਿੱਦੜਵਿੰਡੀ  ਵਿਖੇ ਨਵਾਂ 66 ਕੇਵੀ ਪਾਵਰ ਗਰਿੱਡ ਬਣਨ ਨਾਲ 66 ਕੇਵੀ ਗਰਿੱਡ ਕਿਸ਼ਨਪੁਰਾ ਅਤੇ 66 ਕੇਵੀ ਗਰਿੱਡ ਸਿੱਧਵਾਂ ਬੇਟ ਦਾ ਲੋਡ ਘੱਟ ਜਾਵੇਗਾ ਅਤੇ ਬੇਟ ਇਲਾਕੇ ਦਾ ਬਿਜਲੀ ਲੋਡ ਇਹਨਾਂ ਤਿੰਨਾਂ ਗਰਿੱਡਾਂ ਵਿੱਚ ਵੰਡਿਆ ਜਾਵੇਗਾ, ਜਿਸ ਨਾਲ ਪੂਰੇ ਬੇਟ ਇਲਾਕੇ ਨੂੰ ਬਿਜਲੀ ਦੀ ਘੱਟ ਵੋਲੇਟਜ਼ ਦੀ ਸਮੱਸਿਆ ਨਿਯਾਤ ਮਿਲ ਜਾਵੇਗੀ। ਜਿਸ ਉਪਰੰਤ ਖੇਤੀਬਾੜੀ ਸੈਕਟਰ, ਕਾਰਖਾਨੇ, ਦੁਕਾਨਦਾਰਾਂ ਅਤੇ ਲੋਕਾਂ ਦੇ ਘਰਾਂ ਨੂੰ ਪੂਰੀ ਬਿਜਲੀ ਮਿਲਣ ਲੱਗ ਜਾਵੇਗੀ ਅਤੇ ਲੋਕਾਂ ਦੇ ਕੰਮ-ਕਾਰ ਵਿੱਚ ਵੀ ਸੁਧਾਰ ਆਵੇਗਾ। ਵਿਧਾਇਕ ਬੀਬੀ ਮਾਣੂੰਕੇ ਨੇ ਆਪਣੀ ਟੀਮ ਅਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੀ ਸ਼ਲਾਘਾ ਕਰਦੇ ਹੋਏ ਹੋਰ ਦੱਸਿਆ ਕਿ ਬੇਟ ਇਲਾਕੇ ਦੀ ਬਿਜਲੀ ਸਮੱਸਿਆ ਹੱਲ ਕਰਨ ਤੋਂ ਬਾਅਦ ਉਹਨਾਂ ਵੱਲੋਂ ਹਲਕੇ ਦੇ ਪਿੰਡ ਕਾਉਂਕੇ ਕਲਾਂ ਅਤੇ ਪਿੰਡ ਭੰਮੀਪੁਰਾ ਵਿਖੇ ਵੀ ਨਵੇਂ 66 ਕੇਵੀ ਗਰਿੱਡ ਬਨਾਉਣ ਲਈ ਪ੍ਰਪੋਜ਼ਲਾਂ ਤਿਆਰ ਕਰਵਾਕੇ ਬਿਜਲੀ ਵਿਭਾਗ ਅਤੇ ਪੰਜਾਬ ਸਰਕਾਰ ਨੂੰ ਭੇਜ ਚੁੱਕੇ ਹਨ ਅਤੇ ਜ਼ਲਦੀ ਹੀ ਇਹਨਾਂ ਪਿੰਡਾਂ ਵਿੱਚ ਵੀ ਨਵੇਂ ਪਾਵਰ ਗਰਿੱਡ ਸਥਾਪਿਤ ਕਰਵਾਏ ਜਾਣਗੇ, ਤਾਂ ਜੋ ਪੂਰੇ ਜਗਰਾਉਂ ਹਲਕੇ ਨੂੰ ਬਿਜਲੀ ਦੀ ਘੱਟ ਵੋਲਟੇਜ਼ ਦੀ ਸਮੱਸਿਆ ਹੱਲ ਕੀਤੀ ਜਾ ਸਕੇ। ਉਹਨਾਂ ਦੱਸਿਆ ਕਿ ਅਤੇ ਭੂੰਦੜੀ ਤੋਂ ਸਿੱਧਵਾਂ ਬੇਟ ਤੱਕ ਉਸਾਰੀ ਗਈ ਨਵੀਂ 66 ਕੇਵੀ ਲਾਈਨ ਦੇ ਚਾਲੂ ਹੋਣ ਨਾਲ ਵੀ ਬੇਟ ਇਲਾਕੇ ਨੂੰ ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਸਪਲਾਈ ਤੋਂ ਵੱਡੀ ਰਾਹਤ ਮਿਲੇਗੀ। ਇਸ ਮੌਕੇ ਉਹਨਾਂ ਦੇ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ, ਐਕਸੀਅਨ ਜਗਰਾਉਂ ਇੰਜ:ਗੁਰਪ੍ਰੀਤਮਹਿੰਦਰ ਸਿੰਘ ਸਿੱਧੂ, ਇੰਜ:ਪਰਮਜੀਤ ਸਿੰਘ ਚੀਮਾਂ ਆਦਿ ਵੀ ਹਾਜ਼ਰ ਸਨ।