ਪੰਜਾਬ ਅੰਦਰ ਗ੍ਰਾਮ ਪੰਚਾਇਤਾਂ ਭੰਗ ਹੋਣ ਉਪਰੰਤ ਘੁਸਰ ਮੁਸਰ ਸ਼ੁਰੂ

  • ਸਰਪੰਚਾਂ ਸ਼ੋਸ਼ਲ ਮੀਡੀਏ ਰਾਹੀਂ ਆਪੋ ਆਪਣੇ ਵਿਚਾਰ ਦੇਣ ਲੱਗੇ
  • ਆਪ ਚ ਸ਼ਾਮਲ ਹੋਣ ਲਈ ਸਰੋਪਾਓ ਕਲਚਰ ਸ਼ੁਰੂ ਹੋਣ ਦੇ ਆਸਾਰ ਬਣੇ

ਮੁੱਲਾਂਪੁਰ ਦਾਖਾ 14 ਅਗਸਤ (ਸਤਵਿੰਦਰ ਸਿੰਘ ਗਿੱਲ) : ਪਿਛਲੇ ਦਿਨੀਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋ ਜ਼ਿਲ੍ਹਾ ਪ੍ਰੀਸ਼ਦਾਂ ਬਲਾਕ ਸੰਮਤੀਆਂ ਅਤੇ ਪਿੰਡਾਂ ਦੀ ਪੰਚਾਇਤਾਂ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤੀਆਂ ਗਈਆਂ ਸਨ। ਇਹਨਾ ਹੁਕਮਾਂ ਚ ਜ਼ਿਲ੍ਹਾ ਪ੍ਰੀਸ਼ਦਾਂ ਬਲਾਕ ਸੰਮਤੀਆਂ ਦੀ ਚੋਣ 25 ਨਵੰਬਰ 2023 ਤੱਕ ਤੇ ਗ੍ਰਾਮ ਪੰਚਾਇਤੀ ਚੋਣਾਂ 31 ਦਸੰਬਰ 2023 ਤੱਕ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ  ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਿਸ਼ੇਸ਼ ਸਕੱਤਰ ਵਲੋਂ ਰਾਜ ਦੇ ਸਮੂਹ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰਜ਼ ਨੂੰ ਜਾਰੀ ਪੱਤਰ ਅਨੁਸਾਰ ਗਰਾਮ ਪੰਚਾਇਤਾਂ ਨੂੰ ਭੰਗ ਕਰਕੇ ਪ੍ਰਬੰਧਕ ਨਿਯੁਕਤ ਕਰਨ ਸਬੰਧੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪੰਜਾਬ ਦੇ ਗਵਰਨਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਤੇ ਪੰਜਾਬ  ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਿਸ਼ੇਸ਼ ਸਕੱਤਰ ਵਲੋਂ ਜਾਰੀ ਪੱਤਰ ਨੰ: ਐੱਸ.ਓ.  61/ਪੀ.ਏ. 9/1994/ਐੱਸ.29-ਏ 1/2023।- ਜਿੱਥੇ ਪੰਜਾਬ ਪੰਚਾਇਤੀ ਰਾਜ ਐਕਟ, 1994 (1994 ਦਾ ਪੰਜਾਬ ਐਕਟ 9) ਦੀ ਧਾਰਾ 209 ਅਧੀਨ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਪੰਜਾਬ ਸਰਕਾਰ, ਵਿਭਾਗ  ਪੇਂਡੂ ਵਿਕਾਸ ਅਤੇ ਪੰਚਾਇਤਾਂ, ਨੋਟੀਫਿਕੇਸ਼ਨ ਨੰਬਰ ਐਸ.ਓ.  60/ ਪੀ.ਏ 9/94/ਐੱਸ.209/2023, ਮਿਤੀ 10 ਅਗਸਤ, 2023 ਨੂੰ ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ, 31 ਦਸੰਬਰ, 2023 ਤੋਂ ਪਹਿਲਾਂ ਕਰਵਾਉਣ ਲਈ ਜਨਹਿਤ ਜਾਰੀ ਕੀਤਾ ਹੈ। ਜਿਉ ਹੀ ਇਹ ਨੋਟੀਫਿਕੇਸ਼ਨ ਸਰਕਾਰ ਵਲੋ ਜਾਰੀ ਕੀਤਾ ਗਿਆ ਤਾਂ ਇਸ ਦੇ ਨਾਲ ਨਾਲ ਹੀ ਸੂਬੇ ਦੇ ਪਿੰਡਾਂ ਅੰਦਰ ਇਹਨਾ ਚੋਣਾਂ ਸਬੰਧੀ ਸਰਗਰਮੀ ਸ਼ੁਰੂ ਹੋ ਗਈ ਹੈ। ਬੇਸ਼ਕ ਹਾਲੇ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਸਬੰਧੀ ਹਾਲੇ ਜਿਆਦਾ ਸਰਗਰਮੀ ਨਹੀਂ ਦਿਖ ਰਹੀ ਹੈ ਪ੍ਰੰਤੂ ਸਰਪੰਚੀ ਦੇ ਚਾਹਵਾਨ ਉਮੀਦਵਾਰ ਹੁਣੇ ਤੋ ਹੀ ਆਪਣੀ ਸਿਆਸੀ ਸੂਝ ਬੂਝ ਨਾਲ ਆਪਣੀ ਸਰਗਰਮੀ ਤੇਜ ਕਰ ਚੁੱਕੇ ਹਨ।ਨੋਟੀਫਿਕੇਸ਼ਨ ਉਪਰੰਤ ਪੰਜਾਬ ਦੇ ਪਿੰਡਾਂ ਅੰਦਰ ਘੁਸਰ-ਮੁਸਰ ਸ਼ੁਰੂ ਹੋ ਗਈ ਹੈ, ਅਗਲੀ ਪਾਰੀ ਵਾਸਤੇ ਸਰਪੰਚੀ ਦੇ ਚਾਹਵਾਨ ਨਵੇਂ ਚਿਹਰਿਆਂ ਤੇ ਮੁਸਕਾਨ ਆ ਗਈ ਜਦਕਿ ਪੁਰਾਣੇ ਸਰਪੰਚ ਮਾਯੂਸ ਹਨ ਤੇ ਜਿਆਦਾਤਰ ਪੁਰਾਣੇ ਸਰਪੰਚਾਂ ਨੇ ਸ਼ੋਸ਼ਲ ਮੀਡੀਆ ਰਾਹੀਂ ਪੋਸਟਾਂ ਸ਼ੇਅਰ ਕਰਕੇ ਜਿੱਥੇ ਆਪੋ ਆਪਣੇ ਪਿੰਡਾਂ ਦੇ ਲੋਕਾਂ ਦਾ ਸਾਥ ਦੇਣ ਕਰਕੇ ਧੰਨਵਾਦ ਕੀਤਾ ਹੈ ਉਥੇ ਨਾਲ ਸਾਥ ਦੇਣ ਵਾਲੇ ਪੰਚਾਂ ਦਾ ਵੀ ਧੰਨਵਾਦ ਕੀਤਾ ਗਿਆ ਹੈ। ਬਹੁਤ ਸਾਬਕਾ ਸਰਪੰਚਾਂ ਵਲੋ ਤਾਂ ਇਹ ਵੀ ਆਖਿਆ ਗਿਆ ਹੈ ਕਿ ਜੇਕਰ ਜਾਣੇ ਅਣਜਾਣੇ ਉਹਨਾਂ ਤੋ ਕੋਈ ਗਲਤੀ ਹੋਈ ਹੋਵੇ ਤਾਂ ਉਸ ਦੇ ਪਿੰਡ ਵਾਸੀ ਉਸ ਨੂੰ ਮੁਆਫ ਜਰੂਰ ਕਰ ਦੇਣ ਜੇਕਰ ਲੁਧਿਆਣਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਦਾਖਾ ਦੀ ਗੱਲ ਕੀਤੀ ਜਾਵੇ ਤਾਂ ਇਸ ਅੰਦਰ 114 ਦੇ ਕਰੀਬ ਗ੍ਰਾਮ ਪੰਚਾਇਤਾਂ ਹਨ। ਇਹਨਾ ਨੂੰ ਪਿੰਡਾਂ ਅੰਦਰ ਇਕ ਹੋਰ ਘੁਸਰ ਮੁਸਰ ਸੁਣਨ ਨੂੰ ਮਿਲ ਰਹੀ ਹੈ ਕਿ ਮੌਜੂਦਾ ਜਾਣੀਕਿ ਸਾਬਕਾ ਸਰਪੰਚ ਹੁਣ ਆਪ ਵਲੰਟੀਅਰ ਦੇ ਨਾਲ ਰਾਬਤਾ ਕਰਕੇ ਸਰੋਪਾਊ ਵੀ ਪਵਾ ਸਕਦੇ ਹਨ ਕਿਉਕਿ ਪੰਜਾਬ ਦੀ ਮੌਜੂਦਾ ਸਰਕਾਰ ਇਹ ਕਦੇ ਨਹੀਂ ਚਾਹੇਗੀ ਕਿ ਕਿਸੇ ਹੋਰ ਪਾਰਟੀ ਦੇ ਸਰਪੰਚ ਚੁਣੇ ਜਾਣ। ਇਸ ਕਰਕੇ ਹੁਣ ਬਹੁਤ ਜਿਆਦਾ ਪਿੰਡਾਂ ਦੇ  ਸਾਬਕਾ ਸਰਪੰਚ ਹੁਣ ਆਮ ਆਦਮੀ ਪਾਰਟੀ ਦੇ ਰੰਗ ਵਿੱਚ ਰੰਗੇ ਜਾਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਦਸੰਬਰ ਮਹੀਨੇ ਚ ਹੋਣ ਜਾ ਰਹੀ ਸਰਪੰਚੀ ਦੀ ਚੋਣ ਵਿੱਚ ਕਿਹੜੇ ਕਿਹੜੇ ਪਿੰਡ ਤੋ ਕੌਣ ਕੋਣ ਬਾਜੀ ਮਾਰਦਾ ਹੈ।