ਜ਼ਿਲ੍ਹਾ ਬਰਨਾਲਾ ‘ਚ ਲਗਾਏ ਜਾਣ ਵਾਲੇ ਪੌਦਿਆਂ ਦੀ ਕੀਤੀ ਜਾ ਰਹੀ ਹੈ ਜੀਓ ਟੈਗਿੰਗ, ਡਿਪਟੀ ਕਮਿਸ਼ਨਰ 

  • ਜ਼ਿਲ੍ਹੇ ‘ਚ 5 ਲੱਖ ਪੌਦੇ ਲਗਾਉਣ ਦਾ ਟੀਚਾ
  • ਵੱਖ ਵੱਖ ਸਰਕਾਰੀ ਦਫਤਰਾਂ ਦੀਆਂ ਇਮਾਰਤਾਂ,ਪੰਚਾਇਤੀ ਜ਼ਮੀਨਾਂ ਤੇ ਹੋਰ ਖਾਲੀ ਸਥਾਨਾਂ ‘ਤੇ ਲਗਾਏ ਜਾ ਰਹੇ ਨੇ ਬੂਟੇ 
  • ਸਾਰੇ ਵਿਭਾਗਾਂ ਨੂੰ ਆਪਣੇ ਟੀਚੇ ਪੂਰੇ ਕਰਨ ਦੀ ਹਦਾਇਤ 
  • ਜਲ ਸ਼ਕਤੀ ਮਿਸ਼ਨ ਤਹਿਤ ਵੀ ਲਗਾਏ ਜਾਣਗੇ ਪਿੰਡਾਂ ‘ਚ ਖ਼ਾਲੀ ਥਾਵਾਂ ਉੱਤੇ ਪੌਦੇ

ਬਰਨਾਲਾ, 17 ਜੁਲਾਈ 2024 ; ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਅਤੇ ਪ੍ਰਦੂਸ਼ਣ ਮੁਕਤ ਰੱਖਣ ਦੇ ਮੰਤਵ ਨਾਲ ਜ਼ਿਲ੍ਹਾ ਬਰਨਾਲਾ ‘ਚ ਲਗਭਗ 5 ਲੱਖ ਬੂਟੇ ਲਗਾਏ ਜਾ ਰਹੇ ਹਨ ਤਾਂਜੋ ਹਰਿਆਵਲ ਵਧਾਈ ਜਾਵੇ। 
ਇਸ ਸਬੰਧੀ ਬੁਲਾਈ ਗਈ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਭਰ ‘ਚ ਲਗਾਏ ਜਾਣ ਵਾਲੇ ਪੌਦਿਆਂ ਦੀ ਜੀਓ ਟੈਗਿੰਗ ਕੀਤੀ ਜਾਵੇਗੀ ਤਾਂ ਜੋ ਪੌਦੇ ਦੀ ਸੰਭਾਲ ਵੀ ਕੀਤੀ ਜਾ ਸਕੇ। ਇਸ ਤਹਿਤ ਜ਼ਿਲ੍ਹੇ ਅੰਦਰ ਵੱਖ ਵੱਖ ਸਰਕਾਰੀ ਦਫਤਰਾਂ ਦੀਆਂ ਇਮਾਰਤਾਂ, ਪੰਚਾਇਤੀ ਜ਼ਮੀਨਾਂ ਅਤੇ ਹੋਰ ਖਾਲੀ ਥਾਵਾਂ 'ਤੇ ਬੂਟੇ ਲਗਾਏ ਜਾਣਗੇ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕੀ ਬੂਟੇ ਲਗਾਉਣ ਦੀ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਯੋਗਦਾਨ ਦਿੱਤਾ ਜਾਵੇ ਤਾਂ ਜੋ ਸਹੀਦਾਂ ਦੀ ਇਸ ਪਵਿੱਤਰ ਧਰਤੀ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਨਵੇਂ ਬੂਟੇ ਲਗਾਉਣ ਲਈ ਢੁੱਕਵਾਂ ਮੌਸਮ ਹੈ ਅਤੇ ਆਉਂਦੀ ਬਾਰਿਸ਼ਾਂ ‘ਚ ਇਹ ਪੌਦੇ ਆਸਾਨੀ ਨਾਲ ਵੱਧ ਜਾਣਗੇ। ਉਨ੍ਹਾਂ ਦੱਸਿਆ ਕਿ ਜੰਗਲਾਤ ਵਿਭਾਗ ਵੱਲੋਂ ਸਾਰੇ ਵਿਭਾਗਾਂ ਨੂੰ ਲੋੜ ਮੁਤਾਬਿਕ ਬੂਟੇ ਵੰਡੇ ਜਾ ਰਹੇ ਹਨ ਅਤੇ ਜੇ ਕਰ ਕੋਈ ਵਿਭਾਗ ਬੂਟਿਆਂ ਸਬੰਧੀ ਆਪਣੀ ਲਿਸਟ ਜਮ੍ਹਾਂ ਕਰਵਾਉਣ ਤੋਂ ਵਾਂਝਾ ਰਹਿ ਗਿਆ ਹੈ ਤਾਂ ਉਹ ਆਪਣੀ ਲਿਸਟ ਛੇਤੀ ਦੇ ਕੇ ਜੰਗਲਾਤ ਵਿਭਾਗ ਤੋਂ ਬੂਟੇ ਪ੍ਰਾਪਤ ਕਰੇ। ਇਸ ਤੋਂ ਇਲਾਵਾ ਜਲ ਸ਼ਕਤੀ ਮਿਸ਼ਨ ਤਹਿਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਮਨਜੀਤ ਸਿੰਘ ਚੀਮਾ ਨੇ ਵਿਭਾਗਾਂ ਦੀ ਬੈਠਕ ਕੀਤੀ ਜਿਸ ਦੌਰਾਨ ਉਨ੍ਹਾਂ ਪੇਂਡੂ ਖੇਤਰਾਂ ‘ਚ ਪੈਂਦੀ ਖ਼ਾਲੀ ਜ਼ਮੀਨ ਉੱਤੇ ਬੂਟੇ ਲਗਾਉਣ ਸਬੰਧੀ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਨਾਲ ਹੀ ਪਾਣੀ ਦੀ ਦੁਰਵਰਤੋਂ ਰੋਕਣ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕੀਤੇ ਜਾਣ ਵਾਲੇ ਕੰਮਾਂ ਦਾ ਵੀ ਵੇਰਵਾ ਦਿੱਤਾ।