ਜ਼ਿਲ੍ਹਾ ਹਸਪਤਾਲ ਵਿਚ ਦੂਰਬੀਨ ਤੇ ਲੇਜ਼ਰ ਨਾਲ ਕੀਤੇ ਜਾ ਰਹੇ ਹਨ ਜਨਰਲ ਆਪਰੇਸ਼ਨ : ਡਾ. ਵਿਨੀਤ ਕੰਬੋਜ

  • ਜਨਰਲ ਸਰਜਰੀ ਵਿਭਾਗ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ

ਮੋਹਾਲੀ, 25 ਮਈ : ਜ਼ਿਲ੍ਹਾ ਹਸਪਤਾਲ ਮੋਹਾਲੀ ਵਿਚ ਵੱਖ-ਵੱਖ ਬੀਮਾਰੀਆਂ ਦੇ ਜਨਰਲ ਆਪਰੇਸ਼ਨ ਸਫ਼ਲਤਾਪੂਰਵਕ ਤੇ ਤਸੱਲੀਬਖ਼ਸ਼ ਢੰਗ ਨਾਲ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਹਸਪਤਾਲ ਦੇ ਜਨਰਲ ਅਤੇ ਲੈਪਰੋਸਕੋਪਿਕ ਸਰਜਨ ਡਾ. ਵਿਨੀਤ ਕੰਬੋਜ ਨੇ ਦਸਿਆ ਕਿ ਸਿਵਲ ਸਰਜਨ ਡਾ. ਰੁਪਿੰਦਰ ਗਿੱਲ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਐਚ.ਐਸ.ਚੀਮਾ ਦੀ ਅਗਵਾਈ ਹੇਠ ਮਰੀਜ਼ਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।  ਉਨ੍ਹਾਂ ਦਸਿਆ ਕਿ ਉਨ੍ਹਾਂ ਨੇ ਵਿਅਕਤੀਗਤ ਤੌਰ ’ਤੇ ਸਾਲ 2022-23 ਵਿਚ ਹਸਪਤਾਲ ਵਿਚ 500 ਤੋਂ ਵੱਧ ਲੈਪਰੋਸਕੋਪਿਕ ਆਪਰੇਸ਼ਨਾਂ ਨੂੰ ਸਫ਼ਲਤਾਪੂਰਵਕ ਅੰਜਾਮ ਦਿਤਾ ਹੈ। ਇਸ ਤੋਂ ਇਲਾਵਾ ਸਾਲ 2021-22 ਵਿਚ ਵੀ ਉਨ੍ਹਾਂ ਦੁਆਰਾ 500 ਤੋਂ ਵੱਧ ਲੈਪਰੋਸਕੋਪਿਕ ਆਪਰੇਸ਼ਨ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹਾ ਹਸਪਤਾਲ ਵਿਚ ਵੱਖ-ਵੱਖ ਬੀਮਾਰੀਆਂ ਜਿਵੇਂ ਹਰਨੀਆਂ, ਪਥਰੀਆਂ, ਗਦੂਦਾਂ, ਬਵਾਸੀਰ ਆਦਿ ਦੇ ਆਪਰੇਸ਼ਨ ਕਰ ਰਹੇ ਹਨ। ਇਹ ਸਾਰੇ ਆਪਰੇਸ਼ਨ ਦੂਰਬੀਨ ਨਾਲ ਕੀਤੇ ਜਾਂਦੇ ਹਨ ਅਤੇ ਬਵਾਸੀਰ ਦਾ ਆਪਰੇਸ਼ਨ ਲੇਜ਼ਰ ਨਾਲ ਕੀਤਾ ਜਾਂਦਾ ਹੈ। ਉਨ੍ਹਾਂ ਦਸਿਆ ਕਿ ਇਸ ਸਮੇਂ ਦੌਰਾਨ ਕਈ ਮੁਸ਼ਕਲ ਕੇਸਾਂ ਨੂੰ ਵੀ ਹੱਲ ਕਰਦਿਆਂ ਮਰੀਜ਼ਾਂ ਨੂੰ ਬੀਮਾਰੀਆਂ ਤੋਂ ਨਿਜਾਤ ਦਿਵਾਈ ਗਈ ਹੈ। ਡਾ. ਕੰਬੋਜ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਕਿਸੇ ਤਰ੍ਹਾਂ ਦੀ ਬੀਮਾਰੀ ਲਈ ਆਮ ਸਰਜਰੀ ਦੀ ਜ਼ਰੂਰਤ ਹੈ ਤਾਂ ਉਹ ਜ਼ਿਲ੍ਹਾ ਹਸਪਤਾਲ ਵਿਚ ਆ ਕੇ ਸਰਕਾਰ ਵਲੋਂ ਦਿਤੀਆਂ ਜਾ ਰਹੀਆਂ ਮੁਫ਼ਤ ਤੇ ਮਿਆਰੀ ਸਿਹਤ ਸਹੂਲਤਾਂ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਦਾ ਜਨਰਲ ਸਰਜਰੀ ਵਿਭਾਗ ਲੋਕਾਂ ਨੂੰ ਬਿਨਾਂ ਕਿਸੇ ਖੱਜਲ-ਖੁਆਰੀ ਉੱਚ ਪਾਏ ਦੀਆਂ ਜਾਂਚ, ਇਲਾਜ ਤੇ ਸਰਜਰੀ ਸਹੂਲਤਾਂ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।