ਨਹਿਰਾਂ ਵਿਚ ਪਏ ਪਾੜ ਵਿਭਾਗ ਨੇ ਕੀਤੇ ਬੰਦ : ਵਿਧਾਇਕ ਸਵਨਾ

ਫਾਜਿ਼ਲਕਾ, 15 ਅਪ੍ਰੈਲ : ਫਾਜਿ਼ਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਬੀਤੇ ਕੱਲ ਉਨ੍ਹਾਂ ਦੇ ਹਲਕੇ ਵਿਚ ਜ਼ੋ ਚਾਰ ਨਹਿਰਾਂ ਵਿਚ ਪਾੜ ਪਏ ਸਨ ਉਨ੍ਹਾਂ ਨੂੰ ਵਿਭਾਗ ਨੇ ਬੰਦ ਕਰ ਲਿਆ ਹੈ ਅਤੇ ਕਿਤੇ ਵੀ ਖੇਤਾਂ ਵਿਚ ਇੰਨ੍ਹਾਂ ਪਾੜ ਤੋਂ ਪਾਣੀ ਨਹੀਂ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਤਿੰਨ ਨਹਿਰਾਂ ਨੂੰ ਕੱਲ ਸ਼ਾਮ ਤੋਂ ਪਹਿਲਾਂ ਹੀ ਬੰਦ ਕਰ ਲਿਆ ਗਿਆ ਸੀ ਜਦ ਕਿ ਬਾਂਡੀਵਾਲਾ ਮਾਇਨਰ ਵਿਚ ਪਏ ਪਾੜ ਨੂੰ ਬੰਦ ਕਰਨ ਦਾ ਕੰਮ ਦੇਰ ਰਾਤ ਤੱਕ ਚਲਦਾ ਰਿਹਾ ਅਤੇ ਵਿਭਾਗ ਨੇ ਪਾੜ ਬੰਦ ਕਰਕੇ ਹੀ ਕੰਮ ਰੋਕਿਆ। ਜਿਕਰਯੋਗ ਹੈ ਕਿ ਬੀਤੇ ਕੱਲ ਅਚਾਨਕ ਲੋਕਾਂ ਵੱਲੋਂ ਮੋਘੇ ਬੰਦ ਦਿੱਤੇ ਜਾਣ ਕਾਰਨ ਚਾਰ ਨਹਿਰਾਂ ਵਿਚ ਪਾੜ ਪਿਆ ਸੀ। ਜਿਸ ਤੋਂ ਬਾਅਦ ਹਲਕਾ ਵਿਧਾਇਕ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਲੈਕੇ ਨਹਿਰਾਂ ਤੇ ਪੁੱਜੇ ਸਨ ਅਤੇ ਪਏ ਪਾੜ ਬੰਦ ਕਰਨ ਦਾ ਕੰਮ ਸ਼ੁਰੂ ਕਰਵਾਇਆ ਸੀ। ਇਸ ਮੌਕੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਮੁੜ ਦੁਹਰਾਇਆ ਕਿ ਜਿੰਨ੍ਹਾਂ ਕਿਸਾਨਾਂ ਦਾ ਨਹਿਰ ਟੁੱਟਣ ਕਾਰਨ ਨੁਕਸਾਨ ਹੋਇਆ ਹੈ ਉਨ੍ਹਾਂ ਦੀ ਗਿਰਦਾਵਰੀ ਕਰਵਾ ਕੇ ਸਰਕਾਰ ਵੱਲੋਂ ਢੁਕਵਾਂ ਮੁਆਵਜਾ ਦਿੱਤਾ ਜਾਵੇਗਾ। ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਇਸ ਮੌਕੇ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਨਰਮੇ ਦੀ ਬਿਜਾਈ ਲਈ ਭਰਪੂਰ ਪਾਣੀ ਮਿਲੇਗਾ ਅਤੇ ਕਿਸਾਨ ਵੱਧ ਤੋਂ ਵੱਧ ਰਕਬੇ ਹੇਠ ਨਰਮੇ ਦੀ ਬਿਜਾਈ ਕਰਨ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਰਮੇ ਦੇ ਬੀਟੀ ਬੀਜਾਂ ਤੇ 33 ਫੀਸਦੀ ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਸਬਸਿਡੀ ਲੈਣ ਲਈ ਖੇਤੀਬਾੜੀ ਵਿਭਾਗ ਦੇ ਪੋਰਟਲ ਤੇ ਆਨਲਾਈਨ ਅਪਲਾਈ ਕਰ ਸਕਦੇ ਹਨ।