ਗੰਬੂਜੀਆ ਮੱਛੀਆਂ ਦੀ ਫ਼ੌਜ ਕਰੇਗੀ ਮੱਛਰਾਂ ਦੇ ਲਾਰਵੇ ਦਾ ਖ਼ਾਤਮਾ : ਡਾ: ਨਾਗਰਾ 

  • ਸਿਹਤ ਕੇਂਦਰ ਕੌਲੀ ਵੱਲੋਂ ਮਲੇਰੀਆ ਮੱਛਰਾਂ ਦੇ ਲਾਰਵੇ ਦੇ ਖ਼ਾਤਮੇ ਲਈ ਛੱਪੜਾਂ ਵਿਚ ਛੱਡੀਆਂ ਗੰਬੂਜੀਆਂ ਮੱਛੀਆਂ

ਪਟਿਆਲਾ, 8 ਜੂਨ : ਸਿਵਲ ਸਰਜਨ ਪਟਿਆਲਾ ਡਾ: ਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੁੱਢਲਾ ਸਿਹਤ ਕੇਂਦਰ ਕੌਲੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਗੁਰਪ੍ਰੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਮਲੇਰੀਆਂ ਬਿਮਾਰੀ ਫੈਲਾਉਣ ਵਾਲੇ ਮੱਛਰਾਂ ਦੇ ਲਾਰਵੇ ਦਾ ਖ਼ਾਤਮਾ ਕਰਨ ਦੇ ਲਈ ਸਿਹਤ ਵਿਭਾਗ ਦੀ ਟੀਮ ਵੱਲੋਂ ਛੱਪੜਾਂ ਦੇ ਵਿੱਚ ਗੰਬੂਜ਼ੀਆਂ ਮੱਛੀਆਂ ਛੱਡੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਮਓ ਡਾ: ਗੁਰਪ੍ਰੀਤ ਸਿੰਘ ਨਾਗਰਾ ਨੇ ਦੱਸਿਆ ਕਿ ਮਲੇਰੀਏ ਅਤੇ ਡੇਂਗੂ ਦੇ ਸੀਜ਼ਨ ਦੇ ਚਲਦਿਆਂ ਮੱਛਰਾਂ ਦੀ ਪੈਦਾਵਾਰ ਨੂੰ ਰੋਕਣ ਦੇ ਲਈ ਪਿੰਡ ਬੀੜ ਕੌਲੀ, ਰਾਏਪੁਰ, ਜਲਾਲਪੁਰ, ਹਰਦਾਸਪੁਰ, ਹਸਨਪੁਰ, ਮਾਜਰੀ ਅਕਾਲੀਆਂ, ਬਾਰਨ ਦੇ ਛੱਪੜਾਂ ਵਿਚ ਗੰਬੂਜੀਆਂ ਮੱਛੀਆਂ ਛੱਡੀਆਂ ਗਈਆਂ। ਇਹਨਾਂ ਛੱਪੜਾਂ ਵਿੱਚੋਂ ਪਸ਼ੂ ਪੰਛੀ ਵੀ ਪਾਣੀ ਪੀਂਦੇ ਹਨ। ਇਸ ਲਈ ਮੱਛਰਾਂ ਦੇ ਖ਼ਾਤਮੇ ਲਈ ਇਹ ਇੱਕ ਵਾਤਾਵਰਣ ਅਨੁਕੂਲ ਤਰੀਕਾ ਹੈ ਅਤੇ ਕਿਸੇ ਪ੍ਰਕਾਰ ਦੀ ਕੈਮੀਕਲ ਜਾਂ ਇਨਸੈਕਟੀਸਾਈਡ ਦਵਾਈ ਦੀ ਲੋੜ ਨਹੀਂ ਪੈਂਦੀ। ਬਲਾਕ ਐਕਸਟੈਨਸ਼ਨ ਐਜੂਕੇਟਰ ਸਰਬਜੀਤ ਸਿੰਘ ਸੈਣੀ ਨੇ ਦੱਸਿਆ ਕਿ ਛੋਟੀ ਜਿਹੀ ਗੰਬੂਜੀਆਂ ਮੱਛੀ ਮੱਛਰਾਂ ਦੇ ਲਾਰਵੇ ਦਾ ਖ਼ਾਤਮਾ ਕਰਦੀ ਹੈ। ਇਹ ਪੂੰਗ ਤੋਂ ਛੇ ਮਹੀਨੇ ਵਿਚ ਮੱਛਲੀ ਬਣ ਕੇ ਤਿਆਰ ਹੋ ਕੇ ਲਾਰਵੇ ਨੂੰ ਖਾਣ ਦੇ ਯੋਗ ਹੋ ਜਾਂਦੀ ਹੈ।ਇਸ ਮੱਛਲੀ ਦਾ ਅਕਾਰ ਪੰਜ ਤੋ ਸੱਤ ਸੈਂਟੀ ਮੀਟਰ ਹੁੰਦਾ ਹੈ ਅਤੇ ਇਕ ਪੂਰੀ ਤਿਆਰ ਮੱਛਲੀ ਇਕ ਦਿਨ ਵਿਚ 100 ਤੋ 300 ਤੱਕ ਮੱਛਰਾਂ ਦਾ ਲਾਰਵਾ ਖਾ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਕੇਂਦਰ ਕੌਲੀ ਅਧੀਨ ਪੈਂਦੇ ਪਿੰਡਾਂ ਦੇ ਰਹਿੰਦੇ ਛੱਪੜਾਂ ਦੇ ਵਿੱਚ ਵੀ ਜਲਦ ਗੰਬੂਜ਼ੀਆਂ ਮੱਛੀਆਂ ਛੱਡੀਆਂ ਜਾਣਗੀਆਂ।ਇੱਕ ਮਾਦਾ ਮੱਛੀ ਆਪਣੀ ਪੂਰੀ ਜ਼ਿੰਦਗੀ ਵਿਚ 900 ਤੋ 1200 ਤੱਕ ਬੱਚੇ ਪੈਦਾ ਕਰ ਸਕਦੀ ਹੈ। ਇਸ ਮੌਕੇ ਮਲਟੀਪਰਪਜ਼ ਵਰਕਰ ਦੀਪ ਸਿੰਘ, ਜਗਤਾਰ ਸਿੰਘ, ਤਰਨਦੀਪ ਸਿੰਘ, ਐਲਟੀ ਪਰਮਿੰਦਰ ਸਿੰਘ, ਆਸ਼ਾ ਵਰਕਰ ਊਸ਼ਾ ਰਾਣੀ ਸਮੇਤ ਸਿਹਤ ਸਟਾਫ਼ ਵੱਲੋਂ ਆਪਣੇ ਆਪਣੇ ਏਰੀਏ ਦੇ ਛੱਪੜਾਂ ਦੇ ਵਿੱਚ ਗੰਬੂਜ਼ੀਆਂ ਮੱਛੀਆਂ ਛੱਡੀਆਂ ਗਈਆਂ।