ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਮਰੀਜ਼ਾਂ ਦੇ ਇਲਾਜ ਅਤੇ ਸਹੂਲਤਾਂ ਵਿੱਚ ਕੀਤਾ ਜਾਵੇਗਾ ਹੋਰ ਵਾਧਾ – ਸਪੀਕਰ ਸੰਧਵਾਂ

  • ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿਭਾਗਾਂ ਦੇ ਡਾਕਟਰ ਮੁੱਖੀਆਂ ਨਾਲ ਕੀਤੀ ਮੀਟਿੰਗ
  • ਲੋਕਾਂ ਦੇ ਇਲਾਜ, ਸਹੂਲਤਾਂ ਚ ਵਾਧਾ ਕਰਨ ਲਈ ਡਾਕਟਰ ਮੁੱਖੀਆਂ ਤੋਂ ਲਏ ਸੁਝਾਅ

ਫਰੀਦਕੋਟ 14 ਮਾਰਚ : ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਅਧੀਨ ਆਉਂਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿਭਾਗਾਂ ਦੇ ਡਾਕਟਰ ਮੁੱਖੀਆਂ ਨਾਲ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਮੀਟਿੰਗ ਕੀਤੀ ਅਤੇ ਲੋਕਾਂ ਦੇ ਇਲਾਜ ਲਈ ਹੋਰ ਸਹੂਲਤਾਂ ਚ ਵਾਧਾ ਕਰਨ ਲਈ ਸੁਝਾਅ ਵੀ ਲਏ ਗਏ। ਇਸ ਮੌਕੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਉਪ ਕੁਲਪਤੀ ਡਾ. ਅਵਿਨਾਸ ਕੁਮਾਰ ਤੇ ਰਜਿਸਟਰਾਰ ਡਾ. ਨਿਰਮਲ ਓਸੇਪਚਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਫਰੀਦਕੋਟ ਦਾ ਮੈਡੀਕਲ ਕਾਲਜ ਮਾਲਵੇ ਦੇ ਲੋਕਾਂ ਨੂੰ  ਸਿਹਤ ਸੁਵਿਧਾਵਾਂ ਮੁਹੱਈਆ ਕਰਵਾ ਰਿਹਾ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਪੂਰੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਅਤੇ ਸਿਹਤ ਸੁਵਿਧਾਵਾਂ ਦੇਣ ਲਈ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਫੰਡਾਂ ਵਿੱਚ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆਂ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਮਰੀਜਾਂ ਦੇ ਇਲਾਜ ਅਤੇ ਸਹੂਲਤਾਂ ਵਿੱਚ ਹੋਰ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਖਾਸ ਤੌਰ ਤੇ ਐਂਮਰਜੈਂਸੀ ਵਿਭਾਗ ਨਾਲ ਸਬੰਧਤ ਸਹੂਲਤਾਂ ਵਿੱਚ ਹੋਰ ਵਾਧਾ ਕਰਨ ਤੇ ਜ਼ੋਰ ਦਿੱਤਾ ਅਤੇ ਇਸ ਲਈ ਲੋੜੀਂਦੀਆਂ ਮਸ਼ੀਨਾਂ ਵੀ ਜਲਦ ਉਪਲਬਧ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਨੂੰ ਰੈਫਰਲ ਹਸਪਤਾਲਾਂ ਵਜੋਂ ਤਬਦੀਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਸਾਰੇ ਹਸਪਤਾਲਾਂ ਵਿੱਚ ਲੋਕਾਂ ਦੇ ਇਲਾਜ ਲਈ ਜ਼ਰੂਰੀ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ  ਤਾਂ ਜੋ ਲੋਕਾਂ ਨੂੰ ਆਪਣੇ ਇਲਾਜ ਸਬੰਧੀ ਕਿਸੇ ਤਰ੍ਹਾਂ ਦੀ ਵੀ ਦਿੱਕਤ ਪੇਸ਼ ਨਾ ਆਵੇ। ਸਪੀਕਰ ਵਿਧਾਨ ਸਭਾ ਪੰਜਾਬ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਚਾਹੁੰਦੇ ਹਨ ਕਿ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਵੀ ਪ੍ਰਾਈਵੇਟ ਹਸਪਤਾਲਾਂ ਵਰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆ ਜਾਣ ਤਾਂ ਜੋ ਇਸ ਦਾ ਲਾਹਾ ਹਰੇਕ ਗਰੀਬ ਮਰੀਜ਼ ਵੀ ਉਠਾ ਸਕੇ। ਮੀਟਿੰਗ ਉਪਰੰਤ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਕੰਮ ਕਰਦੇ ਮੁਲਾਜ਼ਮ ਯੂਨੀਅਨ ਦੇ ਨੁਮਾਇੰਦਿਆਂ ਨੂੰ ਮਿਲੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਜਲਦ ਹੱਲ ਕਰਨ ਦਾ ਭਰੋਸਾ ਦਵਾਇਆ। ਇਸ ਮੌਕੇ ਮੈਡੀਸਨ ਵਿਭਾਗ ਦੇ ਮੁੱਖੀ ਅਤੇ ਡਾਕਟਰ ਰਵਿੰਦਰ ਗਰਗ ਨੇ ਸਪੀਕਰ ਵਿਧਾਨ ਸਭਾ ਦੇ ਧਿਆਨ ਹਿੱਤ ਲਿਆਂਦਾ ਕਿ ਮੈਡੀਕਲ ਕਾਲਜ ਲਈ ਸੀ.ਟੀ ਸਕੈਨ, ਅਲਟਰਾਸਾਊਂਡ ਮਸ਼ੀਨਾਂ ਦੀ ਹੋਰ ਜ਼ਰੂਰਤ ਹੈ। ਇਸ ਤੋਂ ਇਲਾਵਾ ਇੱਕ ਅਤਿ ਆਧੁਨਿਕ ਲੈਬ ਦੀ ਵੀ ਜ਼ਰੂਰਤ ਹੈ, ਤਾਂ ਜੋ ਉੱਥੇ ਜਲਦ ਤੋਂ ਜਲਦ ਰੈਪਿਡ ਟੈਸਟ ਕੀਤੇ ਜਾ ਸਕਣ।ਇਸ ਮੌਕੇ ਮੈਡੀਕਲ ਸੁਪਰਡੈਂਟ ਡਾ. ਸਿਲੇਖ ਮਿੱਤਲ, ਪ੍ਰਿ. ਮੈਡੀਕਲ ਕਾਲਜ ਡਾ. ਰਾਜੀਵ ਸ਼ਰਮਾ, ਕੰਟਰੋਲਰ ਐਸ.ਪੀ. ਸਿੰਘ, ਬੱਚਾ ਵਿਭਾਗ ਦੀ ਮੁੱਖੀ ਡਾ. ਗੁਰਮੀਤ ਕੌਰ, ਡਾ. ਰੋਹਿਤ ਚੋਪੜਾ,  ਚੇਅਰਮੈਨ ਯੋਜਨਾ ਬੋਰਡ ਸ. ਸੁਖਜੀਤ ਸਿੰਘ ਢਿੱਲਵਾਂ, ਪੀ.ਆਰ.ਓ ਮਨਪ੍ਰੀਤ ਸਿੰਘ ਧਾਲੀਵਾਲ, ਪੀ.ਏ. ਸ਼ਿਵਜੀਤ ਸਿੰਘ, ਅਮਨਦੀਪ ਸਿੰਘ ਸੰਧੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਡਾਕਟਰ ਹਾਜ਼ਰ ਸਨ।