ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਮਨਜੀਤ ਸੈਲਫ ਹੈਲਪ ਗਰੁੱਪ ਨੂੰ FSSAI ਸਰਟੀਫਿਕੇਟ ਕਰਵਾਇਆ ਜਾਰੀ

  • ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਸਰਟੀਫਿਕੇਟ ਰਾਹੀਂ ਗਰੁੱਪ ਦੀ ਸੇਲ 'ਚ ਹੋਵੇਗਾ ਇਜ਼ਾਫਾ - ਵਧੀਕ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ

ਲੁਧਿਆਣਾ, 06 ਫਰਵਰੀ (ਰਘਵੀਰ ਸਿੰਘ ਜੱਗਾ) : ਪਿੰਡਾਂ ਦੀਆਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਦੇ ਮੰਤਵ ਨਾਲ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਪੀ.ਐਸ.ਆਰ.ਐਲ.ਐਮ. ਸਕੀਮ ਅਧੀਨ ਸੈਲਫ ਹੈਲਪ ਗਰੁੱਪ ਸਥਾਪਤ ਕੀਤੇ ਗਏ ਹਨ, ਜਿਸਦੇ ਤਹਿਤ ਇੱਕ ਹੋਰ ਪੁਲਾਂਘ ਪੁੱਟਦਿਆਂ, ਪ੍ਰਸ਼ਾਸ਼ਨ ਨੇ ਬਲਾਕ ਸਿੱਧਵਾ ਬੇਟ ਪਿੰਡ ਗੁੜ੍ਹੇ ਵਿੱਚ ਬਣੇ ਮਨਜੀਤ ਸੈਲਫ ਹੈਲਪ ਗਰੁੱਪ ਨੂੰ 'ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ'(FSSAI) ਸਰਟੀਫਿਕੇਟ ਜਾਰੀ ਕਰਵਾਇਆ ਗਿਆ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਬਲਾਕ ਸਿੱਧਵਾ ਬੇਟ ਅਧੀਨ ਪਿੰਡ ਗੁੜ੍ਹੇ ਵਿੱਚ ਬਣੇ ਮਨਜੀਤ ਸੈਲਫ ਹੈਲਪ ਗਰੁੱਪ ਨੂੰ FSSAI ਸਰਟੀਫਿਕੇਟ ਜਾਰੀ ਕਰਵਾਇਆ ਹੈ ਤਾਂ ਜੋ ਇਸ ਗਰੁੱਪ ਦੁਆਰਾ ਬਣਾਏ ਸਮਾਨ ਦੀ ਵੱਧ ਤੋਂ ਵੱਧ ਸੇਲ ਹੋ ਸਕੇ। ਉਨ੍ਹਾਂ ਅੱਗੇ ਦੱਸਿਆ ਕਿ ਮਨਜੀਤ ਸੈਲਫ ਹੈਲਪ ਗਰੁੱਪ ਵਲੋਂ ਹਲਦੀ ਦੀ ਪੰਜੀਰੀ, ਸੇਮੀਆਂ, ਅਚਾਰ ਆਦਿ ਹੱਥੀ  ਤਿਆਰ ਕੀਤੇ ਜਾਂਦੇ ਹਨ ਅਤੇ ਗਰੁੱਪ ਵੱਲੋ ਪੰਜਾਬ ਵਿੱਚ ਹੋ ਰਹੇ ਵੱਖ-ਵੱਖ ਮੇਲਿਆਂ ਵਿੱਚ ਵੀ ਭਾਗ ਲਿਆ ਜਾਂਦਾ ਹੈ। ਇਸ ਗਰੁੱਪ ਦੇ ਪ੍ਰਧਾਨ ਮਨਜੀਤ ਕੌਰ ਵੱਲੋਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਹੁਣ ਆਰਗੈਨਿਕ ਸਾਬਣ ਵੀ ਤਿਆਰ ਕੀਤਾ ਗਿਆ ਹੈ ਜਿਸ ਨੂੰ ਹਰ ਤਰ੍ਹਾਂ ਦੀ ਚਮੜੀ ਤੇ ਇਸਤੇਮਾਨ ਕੀਤਾ ਜਾ ਸਕਦਾ ਹੈ ਅਤੇ ਜਿਸਦੇ ਸਾਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ।