ਪਾਕਿਸਤਾਨ ਦੇ ਸਾਬਕਾ ਐਮਪੀ ਰਾਏ ਅਜ਼ੀਜ ਉੱਲਾ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੀ ਦਿੱਤੀ ਵਧਾਈ

ਰਾਏਕੋਟ, 02 (ਚਮਕੌਰ ਸਿੰਘ ਦਿਓਲ) : ਰਾਏਕੋਟ ਦੇ ਨਵਾਬ ਰਾਏ ਕੱਲ੍ਹਾ ਦੇ ਵੰਸ਼ਜ ਅਤੇ ਪਾਕਿਸਤਾਨ ਦੇ ਸਾਬਕਾ ਐਮ.ਪੀ ਅਤੇ ਰਾਏ ਅਜ਼ੀਜ ਉੱਲਾ ਖਾਂ ਨੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰਾਏਕੋਟ ਆਗਮਨ ਦੇ ਸਬੰਧ ’ਚ ਇਤਿਹਾਸਕ ਗੁਰਦੁਆਰਾ ਸ੍ਰੀ ਟਾਹਲੀਆਣਾ ਸਾਹਿਬ ਵਿਖੇ ਲੱਗਣ ਵਾਲੇ ਤਿੰਨ ਰੋਜ਼ਾ ਸਲਾਨਾ ਜੋੜ ਮੇਲੇ ਦੀ ਸਮੂਹ ਸੰਗਤ ਨੂੰ ਮੁਬਾਰਕਬਾਦ ਦਿੱਤੀ ਹੈ। ਕੈਨੇਡਾ ਤੋਂ ਫੋਨ ਰਾਂਹੀ ਭੇਜੇ ਇਕ ਸੰਦੇਸ਼ ਵਿੱਚ ਸ੍ਰੀ ਰਾਏ ਅਜ਼ੀਜ਼ ਉੱਲਾ ਖਾਂ ਨੇ ਕਿਹਾ ਕਿ ਇਸ ਪਵਿੱਤਰ ਦਿਹਾੜੇ ਦਾ ਉਹ ਸਾਰਾ ਸਾਲ ਇੰਤਜਾਰ ਕਰਦੇ ਹਨ, ਕਿਉਂਕਿ ਇਹ ਉਹ ਦਿਹਾੜਾ ਹੈ ਜਦ ਨਾਂ ਕੇਵਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਾਏਕੋਟ ਦੀ ਧਰਤੀ ਨੂੰ ਆਪਣੀ ਚਰਨ ਛੋਹ ਨਾਲ ਪਵਿੱਤਰ ਕੀਤਾ, ਬਲਕਿ ਗੰਗਾ ਸਾਗਰ ਵਰਗੀ ਅਨਮੋਲ ਦਾਤ ਭੇਟ ਕਰਕੇ ਉਨ੍ਹਾਂ ਰਾਏ ਖਾਨਦਾਨ ਨੂੰ ਵੀ ਰਹਿੰਦੀ ਦੁਨੀਆਂ ਤੱਕ ਅਮਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁਰਖਿਆਂ ’ਤੇ ਫ਼ਖਰ ਹੈ, ਜਿੰਨ੍ਹਾਂ ਨੂੰ ਗੁਰੂ ਸਾਹਿਬ ਜੀ ਦੀ ਸੇਵਾ ਕਰਨ ਦਾ ਵੱਡਭਾਗੀ ਮੌਕਾ ਮਿਲਿਆ।