ਜੰਗਲਾਤ ਵਿਭਾਗ ਮਾਰਿਆ ਹੰਬਲਾ, 50 ਕਿਸਮ ਦੇ ਫੁੱਲਾਂ ਦੀ ਪਨੀਰੀ ਦੇ ਰਹੇ ਨੇ ਮੁਫ਼ਤ

--ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਫੁੱਲਾਂ ਦੀ ਪਨੀਰੀ ਮੁਫ਼ਤ ਲਈ ਜਾ ਸਕਦੀ ਹੈ
--ਨਹਿਰੀ ਕੋਠੀ ਪਿੰਡ ਵਜੀਦਕੇ ਵਿਖੇ ਬਣਾਇ ਗਈ ਹੈ ਨਰਸਰੀ
ਮਹਿਲ ਕਲਾਂ 20 ਦਸੰਬਰ (ਗੁਰਸੇਵਕ ਸਿੰਘ ਸਹੋਤਾ,ਭੁਪਿੰਦਰ ਸਿੰਘ ਧਨੇਰ ) : ਜੰਗਲਾਤ ਵਿਭਾਗ ਬਰਨਾਲਾ ਨੇ ਨਿਵੇਕਲੀ ਪਹਿਲ ਕਰਦਿਆਂ ਨਹਿਰੀ ਕੋਠੀ, ਪਿੰਡ ਵਜੀਦਕੇ ਵਿਖੇ, 50 ਕਿਸਮ ਦੇ ਫੁੱਲਾਂ ਦੀ ਪਨੀਰੀ ਲਗਾਈ ਹੈ ਜਿਥ੍ਹੇ ਪਨੀਰੀ ਮੁਫ਼ਤ ਵੰਡੀ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਵੀਜ਼ਨਲ ਜੰਗਲਾਤ ਅਫਸਰ ਸ਼੍ਰੀਮਤੀ ਮੋਨਿਕਾ ਯਾਦਵ, ਆਈ. ਐੱਫ. ਐੱਸ ਨੇ ਦੱਸਿਆ ਕਿ ਮੌਸਮੀ ਫੁੱਲਾਂ ਦੀ ਪਨੀਰੀ ਪਿੰਡ ਵਜੀਦਕੇ (ਬਰਨਾਲਾ - ਰਾਏਕੋਟ ਰੋਡ) ਵਿਖੇ ਲਗਾਈ ਗਈ ਹੈ। ਉਹਨਾਂ ਦੱਸਿਆ ਕਿ ਜੰਗਲਾਤ ਵਿਭਾਗ ਦੀ 3 ਤੋਂ 4 ਕਿੱਲੇ ਜ਼ਮੀਨ ਹੈ ਇਸ ਥਾਂ ਨੂੰ ਕੰਮ ਵਿਚ ਲਿਆਉਂਦਿਆਂ ਇਸ ਜ਼ਮੀਨ ਉੱਤੇ ਫੁੱਲਾਂ ਦੀ ਕਾਸ਼ਤ ਕੀਤੀ ਅਤੇ ਪਨੀਰੀ ਤਿਆਰ ਕੀਤੀ ਗਈ ਹੈ।ਉਹਨਾਂ ਦੱਸਿਆ ਕਿ ਪਨੀਰੀ ਲਈ ਬੀਜ ਏ. ਆਈ. ਜੀ. ਬਠਿੰਡਾ ਰੇਂਜ ਸ਼੍ਰੀ ਸੁਰਿੰਦਰ ਪਾਲ ਸਿੰਘ, ਫਲਾਵਰ ਮੈਨ ਆਫ ਇੰਡੀਆ ਵਜੋਂ ਜਾਣੇ ਜਾਂਦੇ ਸਿਰਸਾ ਦੇ ਡਾ ਰਾਮ ਜੀ ਜੈਮਲ ਅਤੇ ਬਾਗਬਾਨੀ ਅਫਸਰ ਮੋਹਾਲੀ ਸ਼੍ਰੀ ਵੀਪੇਸ਼ ਗਰਗ ਵੱਲੋਂ ਦਿੱਤੇ ਗਏ ਹਨ। ਇੱਥੇ ਸਰਦੀਆਂ ਦੇ 50 ਕਿਸਮ ਦੇ ਫੁੱਲ ਜਿਵੇਂ ਕਿ ਐਗਰੋਸਟੈਮਾ, ਪੇਟੂਨਿਆ, ਡਾਇਨਥਸ, ਵਿਲੀਅਮ ਆਦਿ ਫੁੱਲ ਸ਼ਾਮਲ ਹਨ। ਉਹਨਾਂ ਕਿਹਾ ਕਿ ਇਸ ਦਾ ਮੁਖ ਮੰਤਵ ਵੱਧ ਤੋਂ ਵੱਧ ਲੋਕਾਂ ਨੂੰ ਫੁੱਲ ਲਗਾਉਣ ਲਈ ਪ੍ਰੇਰਿਤ ਕਰਨਾ ਹੈ ਤਾਂ ਜੋ ਵਾਤਾਵਰਣ ਨੂੰ ਰੰਗ-ਬਰੰਗਾ, ਹਾਰਿਆ ਭਰਿਆ ਅਤੇ ਸੋਹਣਾ ਬਣਾਇਆ ਜਾ ਸਕੇ। ਇਸ ਮੌਕੇ ਵਨ ਰੇਂਜ ਅਫਸਰ ਸ਼੍ਰੀ ਇੰਦਰ ਜੀਤ ਸਿੰਘ ਅਤੇ ਬਲਾਕ ਅਫਸਰ ਸ੍ਰੀ ਗੁਰਮੇਲ ਸਿੰਘ ਨੇ ਦੱਸਿਆ ਕਿ ਇਹ ਨਰਸਰੀ ਸਵੇਰ 8 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲੀ ਹੈ ਅਤੇ ਇਸ ਸ਼ਾਮੀਂ ਦੌਰਾਨ ਇਥੋਂ ਮੁਫ਼ਤ ਪਨੀਰੀ ਲਈ ਜਾ ਸਕਦੀ ਹੈ। ਪਨੀਰੀ ਲੈਣ ਲਈ 9803152912 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।