ਗੁਰਦੁਆਰਾ ਤਪੋਬਣ ਢੱਕੀ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ 

ਰਾੜਾ ਸਾਹਿਬ,  06 ਅਗਸਤ 2024 (ਗੁਰਜੀਤ ਸਿੰਘ ਖ਼ਾਲਸਾ) : ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਅਸਥਾਨ ਦੇ ਮੁਖੀ ਸੰਤ ਬਾਬਾ ਦਰਸ਼ਨ ਸਿੰਘ ਜੀ ਖ਼ਾਲਸਾ ਦੀ ਰਹਿਨੁਮਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਇਕੱਤਰ ਹੋਈਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਰੰਭ ਕੀਤੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਮਹਾਂਪੁਰਸ਼ਾਂ ਵਲੋਂ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਬਹੁ ਮੁੱਲੇ ਦੁਸਾਲਿਆਂ ਨਾਲ਼ ਸ਼ਿੰਗਾਰੇ ਪੁਰਾਤਨ ਗੱਡੇ ਤੇ ਪ੍ਰਕਾਸ਼ ਕੀਤਾ ਗਿਆ ਉੱਥੇ ਗੁਰੂ ਸਾਹਿਬ ਜੀ ਦਾ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਅਤੇ ਨਰ-ਸਿੰਗਿਆਂ ਦੀਆਂ ਮਿੱਠੀਆਂ ਧੁਨਾ ਵਜਾ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਸਮੇਂ ਸੰਤ ਬਾਬਾ ਦਰਸ਼ਨ ਸਿੰਘ ਜੀ ਖ਼ਾਲਸਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਸਾਰੀ ਦੁਨੀਆਂ ਦੀਆਂ ਮੁਸ਼ਕਲਾਂ ਦਾ ਹੱਲ ਸ੍ਰੀ ਗੁਰੂ ਸਾਹਿਬ ਜੀ ਵਿੱਚ ਹੈ ਪਰ ਲੋੜ ਹੈ ਪੂਰਨ ਸ਼ਰਧਾ ਤੇ ਵਿਸ਼ਵਾਸ ਦੀ । ਉਨਾ ਕਿਹਾ ਕੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਨ ਫ਼ਲਸਫ਼ਾ ਮਨੁੱਖੀ ਜੀਵਨ ਵਿਚ ਲਾਗੂ ਹੋ ਜਾਵੇ ਤਾਂ ਵਿਸ਼ਵ ਵਿੱਚ ਸ਼ਾਂਤੀ ਹੋ ਸਕਦੀ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਫ਼ਲਸਫ਼ੇ ਨੂੰ ਦੁਨੀਆਂ ਵਿੱਚ ਪਹੁੰਚਾਉਣ ਲਈ ਹਰ ਗੁਰਸਿੱਖ ਨੂੰ ਕਾਰਜਸ਼ੀਲ ਹੋਣਾ ਚਾਹੀਦਾ ਹੈ ਤੇ ਹਰ ਗੁਰਸਿੱਖ ਨੇ ਜਿੱਥੇ ਬਾਣੀ ਤੇ ਬਾਣੇ ਦੇ ਧਾਰਨੀ ਹੋਣਾ ਹੈ ਉਥੇ ਗੁਰੂ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਹਰ ਗੁਰਸਿੱਖ ਦੇ ਬੱਚੇ ਬੱਚੇ ਨੂੰ ਗੁਰੂ ਸਾਹਿਬ ਜੀ ਦੇ ਉਪਦੇਸ਼ ਤੇ ਸ਼ੰਦੇਸ਼ ਨੂੰ ਪਰਚਾਰਨਾ ਅਤੀ ਜਰੂਰੀ ਹੈ। ਇਸ ਮੌਕੇ ਭਾਈ ਹਰਵੰਤ ਸਿੰਘ, ਭਾਈ ਕੁਲਵੰਤ ਸਿੰਘ , ਭਾਈ ਕੜਾਕਾ ਸਿੰਘ, ਮੱਘਰ ਸਿੰਘ ਫੈਜਗੜ੍ਹ,  ਲਖਵਿੰਦਰ ਸਿੰਘ ਰਾਜੇਵਾਲ, ਬਲਵਿੰਦਰ ਸਿੰਘ ਘੁਡਾਣੀ, ਸੁਖਦੇਵ ਸਿੰਘ ਕੱਦੋ, ਹਰਕੀਰਤ ਸਿੰਘ ਫੈਜਗੜ੍ਹ ਆਦਿਕ ਵੀ ਹਾਜ਼ਰ ਸਨ।