ਮਾਪੇ ਪੁੱਤਾਂ ਵਾਂਗ ਧੀਆਂ ਦੇ ਵੀ ਮਨਾਉਣ ਤਿਉਹਾਰ : ਡਾ. ਬਲਜੀਤ ਕੌਰ

  • -- 78 ਲੱਖ ਦੀ ਲਾਗਤ ਨਾਲ ਬਣੇ ਡਾਇਲਸੈਸ ਸੈਂਟਰ ਦਾ ਕੀਤਾ ਉਦਘਾਟਨ
  • -- ਰਾਜ ਪੱਧਰੀ ਸਮਾਗਮ "ਧੀਆਂ ਦੀ ਲੋਹੜੀ" ਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
  • -- ਜਲਦ ਮਹਿਲਾਵਾਂ ਨੂੰ ਮੁਹੱਈਆ ਹੋਵੇਗਾ 1000 ਰੁਪਏ ਪ੍ਰਤੀ ਮਹੀਨੇ ਦਾ ਤੋਹਫ਼ਾ
  • -- 6 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਹੋਵੇਗੀ ਨਵੀਂ ਭਰਤੀ

ਬਠਿੰਡਾ, 13 ਜਨਵਰੀ : ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਇੱਥੇ ਸਥਾਨਕ ਰਾਜਿੰਦਰਾ ਕਾਲਜ ਵਿਖੇ "ਧੀਆਂ ਦੀ ਲੋਹੜੀ" ਸਬੰਧੀ ਕਰਵਾਏ ਗਏ ਰਾਜ ਪੱਧਰੀ ਸਮਾਗਮ ਮੌਕੇ ਸੱਦਾ ਦਿੱਤਾ ਕਿ ਮਾਪੇ ਹੁਣ ਪੁੱਤਾਂ ਵਾਂਗ ਧੀਆਂ ਦੇ ਵੀ ਤਿਉਹਾਰ ਮਨਾਉਣੇ ਸ਼ੁਰੂ ਕਰਨ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਚ ਲੜਕੀਆਂ ਕਿਸੇ ਵੀ ਖੇਤਰ ਵਿਚ ਲੜਕਿਆਂ ਨਾਲੋਂ ਘੱਟ ਨਹੀਂ ਹਨ। ਇਸ ਲਈ ਮਾਪਿਆਂ ਦਾ ਫਰ਼ਜ ਬਣਦਾ ਹੈ ਕਿ ਉਹ ਪੁੱਤਾਂ ਵਾਂਗ ਧੀਆਂ ਦਾ ਮਾਣ ਸਤਿਕਾਰ ਕਰਨ। ਇਸ ਮੌਕੇ ਹਲਕਾ ਬਠਿੰਡਾ ਦੇ ਵਿਧਾਇਕ ਸ. ਜਗਰੂਪ ਸਿੰਘ ਗਿੱਲ, ਹਲਕਾ ਭੁੱਚੋ ਤੋਂ ਵਿਧਾਇਕ ਮਾਸਟਰ ਜਗਸੀਰ ਸਿੰਘ ਵਿਸ਼ੇਸ ਤੌਰ ਤੇ ਹਾਜ਼ਰ ਰਹੇ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਆਮ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਹੈ। ਸਰਕਾਰ ਵੱਲੋਂ ਲੋਕ ਭਲਾਈ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾ ਰਹੇ ਹਨ। ਸਿੱਖਿਆ ਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸਰਕਾਰ ਔਰਤਾਂ ਦੀ ਸੁਰੱਖਿਆ ਲਈ ਵੀ ਪੂਰੀ ਤਰ੍ਹਾਂ ਵਚਨਬੱਧ ਹੈ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਤਿਉਹਾਰ ਦੁੱਲੇ ਭੱਟੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਕਿੳਂਕਿ ਦੁੱਲੇ ਭੱਟੀ ਵੱਲੋਂ ਔਰਤਾਂ ਦੀ ਰਾਖੀ ਨੂੰ ਵਿਸ਼ੇਸ਼ ਪਹਿਲ ਦਿੱਤੀ ਗਈ ਸੀ। ਉਨ੍ਹਾਂ ਔਰਤਾਂ ਦੀ ਆਜ਼ਾਦੀ ਦੀ ਗੱਲ ਕਰਦਿਆਂ ਕਿਹਾ ਕਿ ਇਨ੍ਹਾਂ ਨਾਲ ਕਿਸੇ ਪੱਖੋਂ ਵੀ ਪੱਖਪਾਤ ਨਾ ਕੀਤਾ ਜਾਵੇ। ਉਨ੍ਹਾ ਕਿਹਾ ਕਿ ਧੀਆਂ ਦਾ ਪੁੱਤਾਂ ਵਾਂਗ ਇੱਜਤ ਤੇ ਸਤਿਕਾਰ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਔਰਤਾਂ ਕਰਾਈਮ ਦੇ ਖੇਤਰ ਵਿੱਚ ਨਾਮਾਤਰ ਹਨ, ਪਰ ਇਹ ਕਰਾਈਮ ਨੂੰ ਰੋਕਣ ਲਈ ਵੱਡੀ ਗਿਣਤੀ ਵਿਚ ਕਾਮਯਾਬ ਹੋਈਆਂ ਹਨ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ "ਧੀਆਂ ਦੀ ਲੋਹੜੀ" ਵੱਡੇ ਪੱਧਰ ਤੇ ਮਨਾਈ ਜਾ ਰਹੀ ਹੈ। ਇਸ ਤਹਿਤ ਧੀਆਂ ਨੂੰ ਪੁੱਤਾਂ ਵਾਂਗ ਸਤਿਕਾਰ ਦੇਣ ਲਈ ਸੂਬੇ ਭਰ ਵਿੱਚ 13 ਤੋਂ 20 ਜਨਵਰੀ ਤੱਕ ਸਪਤਾਹ ਮਨਾਇਆ ਜਾ ਰਿਹਾ ਹੈ। ਕੈਬਨਿਟ ਮੰਤਰੀ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸਰਕਾਰ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੀਆਂ ਲੜਕੀਆਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰੇਗੀ ਅਤੇ ਔਰਤਾਂ ਦੀ ਸੁਰੱਖਿਆ ਤੋਂ ਇਲਾਵਾ ਲਿੰਗ ਅਨੁਪਾਤ ਵਿਚ ਵਾਧਾ ਕਰਨ ਲਈ ਜਾਗਰੂਕਤਾ ਫ਼ੈਲਾਈ ਜਾਵੇਗੀ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਇੱਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੀ ਦਿੱਤੀ ਜਾਣ ਵਾਲੀ ਰਾਸ਼ੀ ਸਬੰਧੀ ਡਾਟਾ ਤਿਆਰ ਕਰ ਲਿਆ ਗਿਆ ਹੈ। ਜਲਦੀ ਹੀ ਇਹ ਰਕਮ ਉਨ੍ਹਾਂ ਨੂੰ ਮੁਹੱਈਆ ਕਰਵਾਉਣੀ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਇਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਰੁ਼ਜ਼ਗਾਰ ਮੁਹੱਈਆ ਕਰਵਾਉਣ ਲਈ ਵੀ ਵਿਸ਼ੇਸ ਉਪਰਾਲੇ ਕਰ ਰਹੀ ਹੈ। ਸਰਕਾਰ ਵੱਲੋਂ ਹੁਣ ਤੱਕ ਬਹੁਤ ਘੱਟ ਸਮੇਂ ਵਿਚ 25000 ਤੋਂ ਵਧੇਰੇ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ ਜਾ ਚੁੱਕੀਆ ਹਨ। ਉਨ੍ਹਾਂ ਇੱਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਜਲਦ ਹੀ 6000 ਨਵੀਂਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਆਦਿ ਦੀਆਂ ਅਸਾਮੀਆਂ ਕੱਢੀਆਂ ਜਾ ਰਹੀਆਂ ਹਨ।