ਕੈਮੀਕਲ ਯੁਕਤ ਰੰਗ ਆਉਣ ਕਰਕੇ ਹੋਲੀ ਦਾ ਤਿਉਹਾਰ ਹੋਇਆ ਫਿੱਕਾ

 photo

ਲੁਧਿਆਣਾ, 07 ਮਾਰਚ (ਰਘਵੀਰ ਸਿੰਘ ਜੱਗਾ) : ਹੋਲੀ ਭਾਰਤ ਦਾ ਇੱਕ ਪ੍ਰਸਿੱਧ ਤਿਉਹਾਰ ਹੈ, ਇਹ ਰੰਗਾਂ ਦਾ ਤਿਉਹਾਰ ਹੈ ਹੋਲੀ, ਕਈ ਥਾਵਾਂ ’ਤੇ ਇਹ ਹੋਲਿਕਾ ਦਹਿਨ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਸ ਤਿਉਹਾਰ ਨੂੰ ਜਿਆਦਾਤਰ ਲੋਕ ਇਕ ਦੂਸਰੇ ਦੇ ਰੰਗ ਲਗਾ ਕੇ ਮਨਾਉਂਦੇ ਹਨ। ਪੁਰਾਣੇ ਸਮਿਆਂ ਵਿੱਚ ਹੋਲੀ ਵਾਲੇ ਦਿਨ ਲੋਕ ਢੋਲ ਦੀ ਤਾਲ  ਤੇ ਨੱਚਦੇ ਸਨ ਅਤੇ ਘਰ ਘਰ ਜਾ ਕੇ ਇੱਕ ਦੂਸਰੇ ਦੇ ਰੰਗ ਲਗਾਉਂਦੇ ਸਨ, ਪਰ ਹੁਣ ਇਹ ਸਭ ਵਿਸਰਦਾ ਜਾ ਰਿਹਾ ਹੈ। ਕਿਸੇ ਸਮੇਂ ਇਹ ਵੀ ਮੰਨਿਆ ਜਾਂਦਾ ਸੀ ਕਿ ਲੋਕ ਆਪਣੀ ਨਫਤਰ ਨੂੰ ਭੁਲਾ ਕੇ ਇੱਕ ਦੂਸਰੇ ਨੂੰ ਰੰਗ ਲਗਾਉਂਦੇ ਅਤੇ ਗਲੇ ਮਿਲਕੇ ਪੁਰਾਣੇ ਗਿਲੇ ਸਿਕਵੇ ਭੁਲਾ ਦਿੰਦੇ ਸਨ।  ਪਰ ਅੱਜ ਦੇ ਸਮੇਂ ਵਿੱਚ ’ਚ ਇਹ ਤਿਉਹਾਰ ਫਿੱਕਾ ਹੁੰਦਾ ਜਾ ਰਿਹਾ ਹੈ, ਜਿਸ ਦਾ ਇੱਕ ਕਾਰਨ ਤਾਂ ਇਹ ਹੈ ਕਿ ਲੋਕਾਂ ’ਚ ਪਹਿਲਾਂ ਦੀ ਤਰ੍ਹਾਂ ਆਪਸੀ ਪਿਆਰ ਘੱਟ ਹੋ ਗਿਆ ਹੈ ਅਤੇ ਦੂਸਰਾ ਕੈਮੀਕਲ ਰੰਗ ਹੋਣ ਕਰਕੇ ਵੀ ਲੋਕ ਹੋਲੀ ਦੇ ਤਿਉਹਾਰ ਤੋਂ ਕੰਨੀ ਕਤਰਾਉਂਦੇ ਹਨ। ਹੋਲੀ ਦੇ ਤਿਉਹਾਰ ਮਨਾਉਣ ਸਬੰਧੀ ਕੀ ਕਹਿਣਾ ਹੈ ਵੱਖ ਵੱਖ ਸਖ਼ਸੀਅਤਾਂ ਦਾ :

ਬਨਾਵਟੀ ਜਾਂ ਸਿੰਥੈਟਿਕ ਰੰਗਾਂ ਤੋਂ ਬਚਣਾ ਚਾਹੀਦਾ ਹੈ : ਡਾ. ਗੁਣਤਾਸ ਸਰਾਂ

ਡਾ. ਗੁਣਤਾਸ ਸਰਾਂ ਨੇ ਰੰਗਾਂ ਦੇ ਤਿਉਹਾਰ ਹੋਲੀ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਸਾਨੂੰ ਬਨਾਵਟੀ ਜਾਂ ਸਿੰਥੈਟਿਕ ਰੰਗਾਂ ਤੋਂ   ਬਚਣਾ ਚਾਹੀਦਾ ਹੈ, ਕਿਉਂਕਿ ਕੈਮੀਕਲ ਵਾਲੇ ਰੰਗਾਂ ਨਾਲ ਸਾਡੇ ਚਿਹਰੇ ਦੀ ਸੁੰਦਰਤਾ ਖ਼ਰਾਬ ਹੋ ਸਕਦੀ ਹੈ, ਕਈ ਤਰ੍ਹਾਂ ਦੀਆਂ   ਚਮੜੀ, ਅੱਖਾਂ ਖਰਾਬ, ਐਲਰਜੀ ਆਦਿ ਬਿਮਾਰੀਆਂ ਹੋ ਸਕਦੀਆਂ ਹਨ, ਜਿਸ ਕਾਰਨ ਇਹ ਸਿੰਥੈਟਿਕ ਜਾਂ ਬਨਾਵਟੀ ਰੰਗ ਸਾਡੀ   ਰੰਗ ਬਿਰੰਗੀ ਜ਼ਿੰਦਗੀ  ‘ਚ ਹਨੇਰਾ ਲਿਆ ਸਕਦੇ ਹਨ। ਹੋਲੀ ਦੇ ਤਿਉਹਾਰ ਦਾ ਆਨੰਦ ਮਾਨਣ ਲਈ ਹਰਬਲ ਜਾਂ ਕੁਦਰਤੀ ਰੰਗਾਂ ਦੀ   ਵਰਤੋਂ ਕਰੋ ਅਤੇ ਆਪਣੇ ਬੱਚਿਆਂ ਨੂੰ ਇਸ ਪ੍ਰਤੀ ਜਾਗਰੂਕ ਕਰੋ।

ਕੈਮੀਕਲ ਯੁਕਤ ਰੰਗ ਆਉਣ ਕਰਕੇ ਹੋਲੀ ਦਾ ਤਿਉਹਾਰ ਫਿੱਕਾ ਹੋ ਗਿਆ ਹੈ : ਨਵਪ੍ਰੀਤ ਕੌਰ ਢਿੱਲੋਂ

ਨਵਪ੍ਰੀਤ ਕੌਰ ਢਿੱਲੋਂ ਦਾ ਕਹਿਣਾ ਹੈ ਕਿ ਹੋਲੀ ਦਾ ਤਿਉਹਾਰ ਖੁਸ਼ੀਆਂ ਖੇੜਿਆ ਦਾ ਤਿਉਹਾਰ ਸੀ, ਪਰ ਅੱਜ ਕੱਲ੍ਹ ਬਜ਼ਾਰਾਂ ’ਚ   ਕੈਮੀਕਲ  ਯੁਕਤ ਰੰਗ ਆਉਣ ਕਰਕੇ ਇਹ ਤਿਉਹਾਰ ਫਿੱਕਾ ਹੋ ਗਿਆ ਹੈ, ਕਿਉਂਕਿ ਇਹ ਕੈਮੀਕਲ ਯੁਕਤ ਰੰਗਾਂ ਕਾਰਨ ਚਮੜੀ,   ਅੱਖਾਂ, ਕੰਨਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਜਿਸ ਕਾਰਨ ਲੋਕ ਇਸ ਤਿਉਹਾਰ ਨੂੰ ਮਨਾਉਣ ਤੋਂ ਡਰਦੇ ਹਨ। ਨਵਪ੍ਰੀਤ ਕੌਰ ਢਿੱਲੋਂ ਨੇ   ਹੋਲੀ ਦੇ ਤਿਉਹਾਰ ਦੇ ਸਹੀ ਅਰਥਾਂ ਨੂੰ ਸਮਝ ਕੇ ਰਲਮਿਲ ਖੁਸ਼ੀ ਖੁਸ਼ੀ ਹੋਲੀ ਦਾ ਤਿਉਹਾਰ ਮਨਾਉਣ ਅਤੇ ਕੈਮੀਕਲ ਵਾਲੇ ਰੰਗਾਂ ਤੋਂ   ਬਚਣ ਦੀ ਵੀ ਅਪੀਲ ਕੀਤੀ।

ਰੰਗਾਂ ਦਾ ਤਿਉਹਾਰ ਹੋਲੀ ਖੁਸ਼ੀ ਨਾਲ ਮਨਾਉਣਾ ਚਾਹੀਦਾ ਹੈ : ਦਰਸ਼ਨ ਖੇਲਾ

ਗਾਇਕ ਦਰਸ਼ਨ ਖੇਲਾ ਨੇ ਕਿਹਾ ਕਿ ਹੋਲੀ ਦਾ ਤਿਉਹਾਰ ਰੰਗਾਂ ਦਾ ਤਿਉਹਾਰ ਹੈ, ਜਿਸ ਖੁਸ਼ੀ ਨਾਲ ਮਨਾਉਣਾ ਚਾਹੀਦਾ ਹੈ, ਪਰ ਇਸ   ਦਿਨ ਕੁੱਝ ਮੁੰਡੇ ਕੁੜੀਆਂ ਮੋਟਰਸਾਈਕਲਾਂ, ਕਾਰਾਂ ਤੇ ਸਵਾਰ ਹੋ ਕੇ ਹੁੱਲੜਬਾਜੀ ਕਰਦੇ ਹਨ ਅਤੇ ਸੜਕਾਂ ਤੋਂ ਲੰਘ ਰਹੇ ਅਣਜਾਣ ਲੋਕਾਂ   ਤੇ ਰੰਗ ਪਾਉਂਦੇ ਹਨ। ਜਿਸ ਕਾਰਨ ਕਈ ਵਾਰ ਤਾਂ ਲੜਾਈ ਝਗੜਾ ਹੋਣ ਤੱਕ ਦੀ ਵੀ ਨੌਬਤ ਆ ਜਾਂਦੀ ਹੈ ਅਤੇ ਕਈ ਨੌਜਵਾਨ   ਗਰੀਸ,  ਪੱਕੇ ਰੰਗਾਂ, ਕਾਲਾ ਤੇਲ ਆਦਿ ਨਾਲ ਹੌਲੀ ਤਿਉਹਾਰ ਮਨਾਉਂਦੇ ਹਨ, ਜੋ ਗਲਤ ਹੈ। ਇਹੀ ਕਾਰਨ ਹੈ ਕਿ ਜਿਆਦਾਤਰ ਲੋਕ ਇਸ ਦਿਨ ਘਰੋਂ ਬਾਹਰ ਨਿਕਲਣ ਤੋਂ ਡਰਦੇ ਹਨ ਅਤੇ ਹੌਲੀ ਦਾ ਤਿਉਹਾਰ ਮਨਾਉਂਣ ਤੋਂ ਗੁਰੇਜ ਕਰਦੇ ਹਨ। 
 

ਹੋਲੀ ਦੇ ਤਿਉਹਾਰ ਨੂੰ ਮਨਾਉਣ ਸਮੇਂ ਨਸ਼ਿਆਂ ਦਾ ਸੇਵਨ ਨਾ ਕਰੋ : ਨਵੀਨ ਜੇਠੀ

ਲੇਖਕ, ਡਾਇਰੈਕਟਰ ਅਤੇ ਕੋਰੀਗ੍ਰਾਫਰ ਨਵੀਨ ਜੇਠੀ ਨੇ ਹੋਲੀ ਦੇ ਤਿਉਹਾਰ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਤਿਉਹਾਰ ਮਨੁੱਖ   ਦੇ ਦਿਨ ਵਿੱਚ ਖੁਸ਼ੀ ਦਾ ਰੰਗ ਭਰ ਦਿੰਦਾ ਹੈ। ਇਸ ਤਿਉਹਾਰ ਨੂੰ ਮਨਾਉਣ ਦਾ ਮਕਸ਼ਦ ਲੋਕਾਂ ਵਿੱਚ ਪਿਆਰ ਤੇ ਭਾਈਚਾਰਕ ਸਾਂਝ ਨੂੰ   ਬਣਾਈ ਰੱਖਣਾ ਹੈ। ਪਰ ਇਸ ਦਿਨ ਕੁੱਝ ਲੋਕ ਨਸ਼ਿਆਂ ਦਾ ਸੇਵਨ ਕਰਕੇ ਲੜ੍ਹਾਈ-ਝਗੜੇ ਕਰਦੇ ਹਨ, ਉਨ੍ਹਾਂ ਅਪੀਲ ਕੀਤੀ ਕਿ ਹੋਲੀ   ਦੇ ਤਿਉਹਾਰ ਨੂੰ ਸਨੇਹ ਅਤੇ ਪਿਆਰ ਨਾਲ ਬਿਨ੍ਹਾ ਕਿਸੇ ਲੜ੍ਹਾਈ -ਝਗੜੇ ਦੇ ਰਲਮਿਲ ਕੇ ਕੁਦਰਤੀ ਰੰਗਾਂ ਨਾਲ ਮਨਾਉਣਾ ਚਾਹੀਦਾ ਹੈ। 

ਪੁਰਾਣੇ ਗੁੱਸੇ ਗਿਲੇ ਭੁਲਾ ਕੇ ਹੋਲੀ ਦੇ ਤਿਉਹਾਰ ਨੂੰ ਮਨਾਓ : ਸੋਨੀ ਠੁੱਲੇਵਾਲ

ਵੀਡੀਓ ਡਾਇਰੈਕਟਰ, ਗੀਤਕਾਰ, ਅਦਾਕਾਰ ਸੋਨੀ ਠੁੱਲੇਵਾਲ ਨੇ ਹੋਲੀ ਦੇ ਤਿਉਹਾਰ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਰੰਗਾਂ ਦਾ ਇਹ  ਤਿਉਹਾਰ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ ਹੈ, ਜੋ ਮਨੁੱਖ ਦੇ ਦਿਲ ਵਿੱਚ ਖੁਸ਼ੀ ਦਾ ਰੰਗ ਭਰ ਦਿੰਦਾ ਹੈ, ਇਸ ਤਿਓਹਾਰ ਨੂੰ ਮਨਾਉਣ  ਦਾ ਅਸਲ ਉਦੇਸ਼ ਮਨੁੱਖਤਾ ਦੇ ਦਿਲਾਂ ਵਿੱਚ ਪਿਆਰ, ਭਾਈਚਾਰਕ ਸਾਂਝ ਦੀ ਭਾਵਨਾ ਨੂੰ ਉਜਾਗਰ ਕਰਨਾ ਹੈ, ਇਸ ਤਿਉਹਾਰ ਨੂੰ  ਰਲਮਿਲ ਕੇ ਸਾਵਧਾਨੀ ਵਰਤਦਿਆਂ ਕੈਮੀਕਲ ਰੰਗਾਂ ਤੋਂ ਪ੍ਰਹੇਜ ਕਰਦੇ ਹੋਏ ਕੁਦਰਤੀ ਰੰਗਾਂ ਨਾਲ ਮਨਾਉਣਾ ਚਾਹੀਦਾ ਹੈ। ਠੁੱਲੇਵਾਲ ਨੇ ਕਿਹਾ ਕਿ ਆਓ ਇਸਵਾਰ ਹੋਲੀ ਦੇ ਤਿਉਹਾਰ ਤੇ ਆਪਣੇ ਸਭ ਪੁਰਾਣੇ ਗੁੱਸੇ ਗਿਲੇ ਭੁਲਾ ਕੇ ਇੱਕਠੇ ਹੋ ਕੇ ਇਸ ਤਿਉਹਾਰ ਨੂੰ ਮਨਾਈਏ ਅਤੇ ਆਪਣੀ ਜ਼ਿੰਦਗੀ ਵਿੱਚ ਰੰਗ ਭਰੀਏ।