ਫਾਜ਼ਿਲਕਾ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਵਾਹਨਾਂ ਵਿੱਚੋਂ 1813 ਪੇਟੀਆਂ ਸ਼ਰਾਬ ਕੀਤੀ ਬਰਾਮਦ 

ਫਾਜ਼ਿਲਕਾ 7 ਅਪ੍ਰੈਲ : ਲੋਕ ਸਭਾ ਚੋਣਾਂ 2024 ਦੇ ਮੱਦੇ ਨਜ਼ਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਪੁਲਿਸ ਵੱਲੋਂ ਜਿਲੇ ਵਿੱਚ ਨਸ਼ੇ ਅਤੇ ਸ਼ਰਾਬ ਰਾਹੀਂ ਚੋਣ ਅਮਲ ਨੂੰ ਪ੍ਰਭਾਵਿਤ ਕਰਨ ਦੀ ਹਰ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਸਖਤ ਚੌਕਸੀ ਰੱਖੀ ਜਾ ਰਹੀ ਹੈ ਅਤੇ ਇਸੇ ਲੜੀ ਤਹਿਤ ਜ਼ਿਲਾ ਪੁਲਿਸ ਮੁਖੀ ਡਾ. ਪ੍ਰਗਿਆ ਜੈਨ ਜੀ ਅਗਵਾਈ ਹੇਠ ਐੱਸਪੀ ਹੈੱਡਕੁਆਰਟਰ ਰਮਨੀਸ਼ ਕੁਮਾਰ ਦੀ ਨਿਗਰਾਨੀ ਹੇਠ ਜ਼ਿਲਾ ਪੁਲਿਸ ਵੱਲੋਂ ਦੋ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਵਾਹਨਾਂ ਵਿੱਚੋਂ 1813 ਪੇਟੀ ਸ਼ਰਾਬ ਬਰਾਮਦ ਕਰਕੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਵੱਲੋਂ ਚੋਣਾਂ ਵਿੱਚ ਧਨ, ਬਲ ਅਤੇ ਨਸ਼ੇ ਨੂੰ ਰੋਕਣ ਲਈ ਸੁਹਿਰਦਤਾ ਨਾਲ ਯਤਨ ਜਾਰੀ ਹਨ। ਉਨਾਂ ਦੱਸਿਆ ਕਿ ਡੀਐਸਪੀ ਫਾਜ਼ਿਲਕਾ ਸੁਬੇਗ ਸਿੰਘ ਦੀ ਨਿਗਰਾਨੀ ਵਿਚ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ ਅਤੇ ਪੁਲਿਸ ਵੱਲੋਂ ਇਹ ਸ਼ਰਾਬ ਬਰਾਮਦ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਸ਼ਰਾਬ ਦੇ ਇਹਨਾਂ ਵਾਹਨਾਂ ਵਿੱਚ ਲੋੜੀਦੇ ਪਰਮਿਟ ਨਾਲ ਨਹੀਂ ਸਨ। ਬਰਾਮਦਗੀ ਦੀ ਵਿਸਥਾਰ ਦਿੰਦਿਆਂ ਸਹਾਇਕ ਥਾਣੇਦਾਰ ਓਮ ਪ੍ਰਕਾਸ਼ ਵੱਲੋਂ ਰਪਟ ਨੰਬਰ 28 ਰਾਹੀਂ ਇੱਕ ਕੈਂਟਰ ਸਬੰਧੀ ਪੜਤਾਲ ਕੀਤੀ ਗਈ ਅਤੇ ਐਕਸਾਈਜ਼ ਵਿਭਾਗ ਵੱਲੋਂ ਤਸਦੀਕ ਕੀਤਾ ਗਿਆ ਕਿ ਇਸ ਕੈਂਟਰ ਵਿੱਚ ਜੋ ਸ਼ਰਾਬ ਲੱਦੀ ਹੋਈ ਹੈ ਉਸ ਨਾਲ ਲੋੜੀਦੇ ਦਸਤਾਵੇਜ਼ ਨਹੀਂ ਹਨ। ਜਿਸ ਦੇ ਆਧਾਰ ਤੇ ਐਫਆਈਆਰ ਨੰਬਰ 43 ਮਿਤੀ 7 ਅਪ੍ਰੈਲ 2024 ਅਧੀਨ ਧਾਰਾ 61//1/4 ਐਕਸਾਈਜ਼ ਐਕਟ ਥਾਣਾ ਸਿਟੀ ਫਾਜ਼ਿਲਕਾ ਵਿਖੇ ਦਰਜ ਕੀਤੀ ਗਈ। ਇਹ ਪਰਚਾ ਸੰਦੀਪ ਸਿੰਘ ਵਾਸੀ ਔਢਾਂ ਵਾਲੀ ਦੇ ਖਿਲਾਫ ਦਰਜ ਕੀਤਾ ਗਿਆ ਹੈ। ਉਸ ਕੋਲੋਂ ਇੱਕ ਕੈਂਟਰ ਵਿੱਚੋਂ 200 ਪੇਟੀ ਸ਼ਰਾਬ ਦੇਸੀ ਬਰਾਮਦ ਹੋਈ ਹਰੇਕ ਪੇਟੀ ਵਿੱਚ 12 ਬੋਤਲ ਸਨ ਅਤੇ ਇੱਕ ਬੋਤਲ ਵਿੱਚ 750 ਮਿਲੀਲੀਟਰ ਸ਼ਰਾਬ ਸੀ। ਇਸੇ ਤਰ੍ਹਾਂ 340 ਪੇਟੀਆਂ ਵਿੱਚ ਅਧੀਏ ਸਨ ਅਤੇ ਪ੍ਰਤੀ ਪੇਟੀ 24 ਅਧੀਏ ਸਨ ਅਤੇ ਪ੍ਰਤੀ ਅਧੀਏ ਵਿੱਚ 375 ਮਿਲੀਲੀਟਰ ਸ਼ਰਾਬ ਸੀ, 220 ਪੇਟੀਆਂ ਵਿੱਚ ਪਊਏ ਸਨ ਅਤੇ ਹਰੇਕ ਪੇਟੀ ਵਿੱਚ 50 ਪਊਏ ਸਨ ਅਤੇ ਇੱਕ ਪਊਏ ਵਿੱਚ 180 ਮਿਲੀਲੀਟਰ ਸ਼ਰਾਬ ਸੀ। ਦੂਸਰੇ ਮਾਮਲੇ ਵਿੱਚ ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਰਪਟ ਨੰਬਰ 31 ਦਿੱਤੀ ਸੀ ਅਤੇ ਇਹਨਾਂ ਵਾਹਨਾਂ ਵਿੱਚ ਵੀ ਐਕਸਾਈਜ਼ ਵਿਭਾਗ ਤੋਂ ਰਿਪੋਰਟ ਲੈਣ ਤੇ ਪਾਇਆ ਗਿਆ ਕਿ ਵਾਹਨਾ ਨਾਲ ਸ਼ਰਾਬ ਸਬੰਧੀ ਲੋੜੀਦੇ ਦਸਤਾਵੇਜ ਨਹੀਂ ਸਨ। ਜਿਸ ਕਾਰਨ ਐਫਆਈਆਰ ਨੰਬਰ 44 ਮਿਤੀ 7 ਅਪ੍ਰੈਲ 2024 ਅਧੀਨ ਧਾਰਾ 61/1/14 ਐਕਸਾਈਜ਼ ਐਕਟ ਦਰਜ ਕੀਤੀ ਗਈ। ਇਹ ਪਰਚਾ ਗੁਰਪ੍ਰੀਤ ਸਿੰਘ ਵਾਸੀ ਸੀਡਫਾਰਮ ਅਤੇ ਇੱਕ ਨਾ ਮਾਲੂਮ ਵਿਅਕਤੀ ਦੇ ਖਿਲਾਫ ਦਰਜ ਕੀਤਾ ਗਿਆ ਹੈ ਅਤੇ ਇਹਨਾਂ ਤੋਂ ਬਲੈਰੋ ਗੱਡੀ ਵਿੱਚ 46 ਪੇਟੀ ਸ਼ਰਾਬ ਦੇਸੀ ਬਰਾਮਦ ਹੋਈ ਜਿਸ ਵਿੱਚ ਹਰੇਕ ਪੇਟੀ ਵਿੱਚ 50 ਪਊਏ ਸਨ ਅਤੇ ਇੱਕ ਪਊਏ ਵਿੱਚ 180 ਮਿਲੀਲੀਟਰ ਸ਼ਰਾਬ ਸੀ। ਇਹਨਾਂ ਤੋਂ ਇੱਕ ਕੈਂਟਰ ਬਰਾਮਦ ਹੋਇਆ ਜਿਸ ਵਿੱਚ 253 ਪੇਟੀ ਸ਼ਰਾਬ ਦੇਸੀ ਸੀ ਅਤੇ ਪ੍ਰਤੀ ਪੇਟੀ 24 ਅਧੀਏ ਸਨ ਅਤੇ ਪ੍ਰਤੀ ਅਧੀਆ 375 ਮਿਲੀਲੀਟਰ ਸ਼ਰਾਬ ਸੀ । ਇਸੇ ਤਰ੍ਹਾਂ 754 ਪੇਟੀਆਂ ਅਲੱਗ ਤੋਂ ਬਰਾਮਦ ਹੋਈਆਂ ਜਿਸ ਵਿੱਚੋਂ ਪ੍ਰਤੀ ਪੇਟੀ 50 ਪਊਏ ਅਤੇ ਪ੍ਰਤੀ ਪਊਆ 180 ਮਿਲੀ ਲੀਟਰ ਸ਼ਰਾਬ ਸੀ। ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਮਾੜੇ ਅਨਸਰਾਂ ਨੂੰ ਚੇਤਾਵਨੀ ਦਿੱਤੀ ਕਿ ਜੋ ਕੋਈ ਵੀ ਨਸ਼ੇ ਜਾਂ ਸ਼ਰਾਬ ਦੀ ਤਸਕਰੀ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।