ਫਾਜਿਲਕਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ  ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਫਾਜਿਲਕਾ ਵਿਖੇ ਇੱਕ ਵਿਸ਼ੇਸ਼ ਸਹੁੰ ਚੁੱਕ ਸਮਾਗਮ ਕਰਵਾਇਆ

ਫਾਜਿਲਕਾ 9 ਅਕਤੂਬਰ : ਫਾਜਿਲਕਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ 9 ਅਕਤੂਬਰ 2023  ਨੂੰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਫਾਜਿਲਕਾ ਵਿਖੇ ਇੱਕ ਵਿਸ਼ੇਸ਼ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਸ੍ਰੀ ਮਨਜੀਤ ਸਿੰਘ ਢੇਸੀ, ਐਸ.ਐਸ.ਪੀ. ਫਾਜਿਲਕਾ, ਸ੍ਰੀ ਨਰਿੰਦਰਪਾਲ ਸਿੰਘ ਸਵਨਾ ਐਮ.ਐਲ.ਏ ਹਲਕਾ ਫਾਜਿਲਕਾ, ਸ੍ਰੀ ਜਗਦੀਪ ਕੰਬੋਜ ਗੋਲਡੀ ਐਮ.ਐਲ.ਏ ਹਲਕਾ ਜਲਾਲਾਬਾਦ, ਡਾ. ਸੁਖਬੀਰ ਸਿੰਘ ਬੱਲ ਜਿਲ੍ਹਾ ਸਿੱਖਿਆ ਅਫਸਰ (ਡੀ.ਈ.ਓ.) ਫਾਜਿਲਕਾ, ਸ੍ਰੀ ਅਤੁਲ ਸੋਨੀ ਡੀ.ਐਸ.ਪੀ. ਨਾਰਕੋਟਿਕ ਫਾਜਿਲਕਾ, ਸ੍ਰੀ ਸ਼ੁਬੇਗ ਸਿੰਘ ਡੀ.ਐਸ.ਪੀ. ਸਬ-ਡਵਜੀਨ ਫਾਜਿਲਕਾ, ਐਸ.ਆਈ. ਸਚਿਨ ਮੁੱਖ ਅਫਸਰ ਥਾਣਾ ਸਿਟੀ ਫਾਲਿਜਕਾ ਅਤੇ ਸ੍ਰੀ ਪ੍ਰਦੀਪ ਕੁਮਾਰ ਖਨਗਵਾਲ ਪ੍ਰਿੰਸੀਪਲ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਫਾਜਿਲਕਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਸ. ਨਰਿੰਦਰ ਪਾਲ ਸਿੰਘ ਸਵਨਾ ਅਤੇ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗੋਲਡੀ ਨੇ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਤੁਸੀ ਸਾਡਾ ਭਵਿੱਖ ਹੋ ਤੇ ਸਾਡਾ ਭਵਿੱਖ ਸਾਨੂੰ ਤੰਦਰੁਸਤ ਤੇ ਚੜ੍ਹਦੀਕਲਾ ਵਾਲਾ ਚਾਹੀਦਾ ਹੈ, ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਅਸੀਂ ਮਾੜੀ ਕੁਰੀਤਿਆਂ ਤੋਂ ਦੂਰ ਰਹਾਂਗੇ ਤੇ ਚੰਗੇ ਨਾਗਰਿਕ ਵਜੋਂ ਸਾਬਿਤ ਹੋਵਾਂਗੇ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿੰਦੀਆਂ ਖੇਡਾਂ ਵੱਲ ਪ੍ਰੇਰਿਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦੀ ਤੰਦਰੁਸਤੀ ਤੇ ਭਲਾਈ ਲਈ ਉਪਰਾਲਾ ਕਰਦਿਆਂ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨੋਜਵਾਨ ਵਰਗ ਆਪਣੀ ਰੂਚੀ ਸਕਾਰਾਤਮਕ ਖੇਤਰਾਂ ਵਿਚ ਦਿਖਾਵੇ ਤਾਂ ਜ਼ੋ ਨਸ਼ੇ ਮੁਕਤ ਸਮਾਜ ਦੀ ਸਥਾਪਨਾ ਕੀਤੀ ਜਾ ਸਕੇ। ਇਸ ਦੌਰਾਨ ਐਸ.ਐਸ.ਪੀ ਸਾਹਿਬ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਕਿ ਨਸ਼ਾ ਸਾਡੇ ਸਮਾਜ ਲਈ ਇੱਕ ਕੋਹੜ ਹੈ ਅਤੇ ਸਾਡੀ ਬਰਬਾਦੀ ਦਾ ਕਾਰਨ ਬਣਦਾ ਹੈ। ਇਸ ਲਈ ਉਹ ਸਾਰੇ ਮਿਲ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਫਾਜਿਲਕਾ ਪੁਲਿਸ ਵੱਲੋਂ ਚਲਾਈ ਜਾ ਰਹੀ ਮੁਹਿੰਮ ਵਿੱਚ ਪੁਲਿਸ ਦਾ ਸਾਥ ਦੇਣ। ਜਿਸ ਦੌਰਾਨ ਸਕੂਲੀ ਬੱਚਿਆਂ ਨੂੰ ਲਿਖਤੀ ਸਹੁੰ ਬਾਰੇ ਜਾਗਰੂਕ ਕੀਤਾ ਗਿਆ ਅਤੇ ਬੱਚਿਆਂ ਵੱਲੋਂ ਆਪਣੀ ਸਵੈ ਇੱਛਾ ਲਿਖਤੀ ਸਹੁੰ ਚੁੱਕ ਕੇ ਇਹ ਪ੍ਰਣ ਲਿਆ ਗਿਆ ਕਿ ਉਹ ਖੁਦ, ਆਪਣੇ ਪਰਿਵਾਰਕਿ ਮੈਂਬਰਾਂ, ਰਿਸ਼ਤੇਦਾਰਾਂ ਤੇ ਸਾਥੀ ਵਿਦਿਆਰਥੀਆਂ ਨੂੰ ਨਸ਼ਾ ਨਾ ਕਰਨ ਲਈ ਪ੍ਰੇਰਿਤ ਕਰਨਗੇ।