ਮੰਤਰੀ ਜੌੜਾਮਾਜਰਾ ਨੂੰ ਮਿਲਕੇ ਫਾਜਿ਼ਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਪੱਕੇ ਖਾਲਿਆਂ ਦੇ ਪ੍ਰੋਜੈਕਟ ਬਾਰੇ ਕੀਤੀ ਚਰਚਾ

  • ਹਲਕੇ ਵਿਚ ਜਿਆਦਾ ਤੋਂ ਜਿਆਦਾ ਖਾਲੇ ਕੀਤੇ ਜਾਣਗੇ  ਪੱਕੇ : ਨਰਿੰਦਰ ਪਾਲ ਸਿੰਘ ਸਵਨਾ

ਫਾਜਿ਼ਲਕਾ, 3 ਜਨਵਰੀ : ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਜਲ ਸ਼੍ਰੋਤ, ਭੂਮੀ ਤੇ ਜਲ ਸੰਭਾਲ ਮੰਤਰੀ ਸ੍ਰੀ ਚੇਤਨ ਸਿੰਘ ਜੌੜਾਮਾਜਰਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਹਲਕੇ ਵਿਚ ਖਾਲੇ ਪੱਕੇ ਕਰਨ ਦੇ ਚੱਲ ਰਹੇ ਪ੍ਰੋਜੈਕਟ ਬਾਰੇ ਚਰਚਾ ਕੀਤੀ। ਵਿਧਾਇਕ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਨੇ ਕੈਬਨਿਟ ਮੰਤਰੀ ਦੇ ਸਨਮੁੱਖ ਇਹ ਗੱਲ ਰੱਖੀ ਕਿ ਇਸ ਇਲਾਕੇ ਦੀ ਖੇਤੀ ਮੁੱਖ ਤੌਰ ਤੇ ਨਹਿਰੀ ਪਾਣੀ ਤੇ ਅਧਾਰਿਤ ਹੈ ਅਤੇ ਇਸ ਲਈ ਜਿਆਦਾ ਤੋਂ ਜਿਆਦਾ ਪੱਕੇ ਖਾਲੇ ਬਣਾਏ ਜਾਣੇ ਚਾਹੀਦੇ ਹਨ। ਇਸ ਲਈ ਕੈਬਨਿਟ ਮੰਤਰੀ ਨੇ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਇਲਾਕੇ ਲਈ ਨਹਿਰੀ ਪਾਣੀ ਦੇਣ ਦੇ ਯਤਨ ਕਰ ਰਹੀ ਹੈ। ਇਸ ਲਈ ਕਿਸਾਨਾਂ ਦੀ ਮੰਗ ਜੋ ਉਹ ਲੈਕੇ ਆਏ ਹਨ ਨੂੰ ਤਰਜੀਹੀ ਅਧਾਰ ਤੇ ਪੂਰਾ ਕੀਤਾ ਜਾਵੇਗਾ। ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਕੈਬਨਿਟ ਮੰਤਰੀ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਹਲਕੇ ਵਿਚ ਪੱਕੇ ਖਾਲਾਂ ਦੇ ਚੱਲ ਰਹੇ ਪ੍ਰੋਜੈਕਟਾਂ ਨੂੰ ਜਲਦ ਪੂਰਾ ਕਰਕੇ ਹੋਰ ਪ੍ਰੋਜੈਕਟ ਵੀ ਜਿਆਦਾ ਤੋਂ ਜਿਆਦਾ ਗਿਣਤੀ ਵਿਚ ਦਿੱਤੇ ਜਾਣਗੇ ਤਾਂ ਜੋ ਟੇਲਾਂ ਤੱਕ ਕਿਸਾਨਾਂ ਨੂੰ ਪੂਰਾ ਨਹਿਰੀ ਪਾਣੀ ਮਿਲ ਸਕੇ ਅਤੇ ਸਾਡੇ ਕਿਸਾਨ ਖੁਸਹਾਲ ਹੋ ਸਕਨ ਅਤੇ ਧਰਤੀ ਹੇਠਲੇ ਪਾਣੀ ਤੇ ਨਿਰਭਰਤਾ ਨੂੰ ਘਟਾ ਕੇ ਕੁਦਰਤੀ ਸੋਮੇ ਦੀ ਰੱਖਿਆ ਕੀਤੀ ਜਾ ਸਕੇ। ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕੈਬਨਿਟ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਲਈ ਕਿਸਾਨ ਪ੍ਰਮੁੱਖ ਤਰਜੀਹ ਹਨ ਅਤੇ ਕਿਸਾਨਾਂ ਨੂੰ ਜਿਆਦਾ ਤੋਂ ਜਿਆਦਾ ਪੱਕੇ ਖਾਲੇ ਅਤੇ ਨਹਿਰੀ ਪਾਣੀ ਦਿੱਤਾ ਜਾਵੇਗਾ।