ਪਿਛਲੇ ਸਾਲ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਗੁਲਾਬ ਦੇ ਫੁੱਲ ਭੇਂਟ ਕਰਕੇ ਇਸ ਵਾਰ ਪਰਾਲੀ ਨਾ ਸਾੜਨ ਦੀ ਅਪੀਲ

ਫਾਜਿ਼ਲਕਾ, 04 ਅਕਤੂਬਰ : ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਵੱਲੋਂ ਲਗਾਤਾਰ ਕੋਸਿ਼ਸਾਂ ਕੀਤੀਆਂ ਜਾ ਰਹੀਆਂ ਹਨ ਕਿ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ ਜਾਵੇ। ਇਸ ਲਈ ਫਾਜਿ਼ਲਕਾ ਜਿ਼ਲ੍ਹੇ ਵਿਚ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਲਗਾਤਾਰ ਉਨ੍ਹਾਂ ਕਿਸਾਨਾਂ  ਦੇ ਘਰ ਜਾ ਕੇ ਪਰਾਲੀ ਨਾ ਸਾੜਨ ਦੀ ਅਪੀਲ ਕਰ ਰਹੇ ਹਨ ਜਿੰਨ੍ਹਾਂ ਨੇ ਪਿੱਛਲੇ ਸਾਲ ਪਰਾਲੀ ਸਾੜੀ ਸੀ। ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਖਦੇ ਹਨ ਕਿ ਇਸ ਤਰਾਂ ਕਰਨ ਨਾਲ ਉਨ੍ਹਾਂ ਕਿਸਾਨਾਂ ਨੂੰ ਪਰਾਲੀ ਦੀ ਸੁੱਚਜੀ ਸੰਭਾਲ ਲਈ ਪ੍ਰੇਰਿਤ ਕੀਤਾ ਜਾ ਸਕੇਗਾ। ਉਨ੍ਹਾਂ ਨੇ ਕਿਹਾ ਕਿ ਬਹੁਤ ਵਾਰ ਅਜਿਹਾ ਹੁੰਦਾ ਹੈ ਕਿ ਕਿਸਾਨ ਨੂੰ ਪਰਾਲੀ ਦੀ ਸੰਭਾਲ ਦੇ ਸਹੀ ਤਰੀਕਿਆਂ ਦੀ ਜਾਣਕਾਰੀ ਨਹੀਂ ਹੁੰਦੀ ਹੈ। ਇਸ ਕਾਰਨ ਉਹ ਪਰਾਲੀ ਸਾੜਨ ਵਰਗਾ ਕੁਦਰਤ ਵਿਰੋਧੀ ਕੰਮ ਕਰਨ ਲਈ ਮਜਬੂਰ ਹੋ ਜਾਂਦਾ ਹੈ ਪਰ ਜਦ ਸਾਡੇ ਖੇਤੀਬਾੜੀ ਅਫ਼ਸਰ ਅਜਿਹੇ ਕਿਸਾਨਾਂ ਨਾਲ ਸਿੱਧਾ ਰਾਬਤਾ ਕਰਣਗੇ ਤਾਂ ਉਹ ਕਿਸਾਨਾਂ ਦੇ ਅਜਿਹੇ ਸੰਕਿਆਂ ਦੀ ਨਵੀਰਤੀ ਕਰ ਸਕਣਗੇ। ਡੱਬਵਾਲਾ ਸਰਕਲ ਦੇ ਖੇਤੀਬਾੜੀ ਵਿਕਾਸ ਅਫ਼ਸਰ ਅਸ਼ੋਕ ਕੁਮਾਰ ਆਖਦੇ ਹਨ ਕਿ ਉਨ੍ਹਾਂ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਨਾਲ ਮੁਲਾਕਾਤ ਕਰਨ ਸਮੇਂ ਉਹ ਅਜਿਹੇ ਕਿਸਾਨਾਂ ਨੂੰ ਇਕ ਪੱਤਰ ਤੇ ਗੁਲਾਬ ਦਾ ਫੁੱਲ ਭੇਂਟ ਕਰਦੇ ਹਨ, ਜਿਸਦਾ ਕਿਸਾਨ ਵੀਰਾਂ ਤੇ ਜਿਆਦਾ ਚੰਗਾ ਪ੍ਰਭਾਵ ਪੈ ਰਿਹਾ ਹੈ ਅਤੇ ਉਹ ਵਾਅਦਾ ਕਰ ਰਹੇ ਹਨ ਕਿ ਇਸ ਸਾਲ ਉਹ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ। ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਨੇ ਕਿਹਾ ਕਿ ਪਰਾਲੀ ਅਸਲ ਵਿਚ ਕਿਸਾਨ ਲਈ ਸਮੱਸਿਆ ਨਹੀਂ ਸਗੋਂ ਇਕ ਕੁਦਰਤੀ ਸੋਮਾ ਹੈ ਜ਼ੋ ਕਿ ਉਸਦੀ ਜਮੀਨ ਦੀ ਉਪਜਾਊ ਸ਼ਕਤੀ ਵਧਾ ਸਕਦਾ ਹੈ।ਉਨ੍ਹਾਂ ਨੇ ਕਿਹਾ ਕਿ ਪਰਾਲੀ ਦਾ ਸਭ ਤੋਂ ਸਹੀ ਹੱਲ ਇਸ ਨੂੰ ਜਮੀਨ ਵਿਚ ਮਿਲਾ ਕੇ ਕਣਕ ਦੀ ਬਿਜਾਈ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਉਪਲਬੱਧ ਵਿਧੀਆਂ ਦੀ ਜਾਣਕਾਰੀ ਲਈ ਕਿਸਾਨ ਸਾਡੇ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਰਨ।