ਸੜਕਾਂ ਦੇ ਦੋਨਾਂ ਪਾਸਿਆਂ ਦੇ ਬਰਮ ਮਜ਼ਬੂਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਕਿਸਾਨ : ਸਪੀਕਰ ਸੰਧਵਾਂ

ਫਰੀਦਕੋਟ 7 ਮਈ : ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅਗਲੀ ਫਸਲ ਲਗਾਉਣ ਤੋਂ ਪਹਿਲਾਂ ਕਿਸਾਨਾਂ ਨੂੰ ਸੜਕਾਂ ਦੇ ਦੋਨਾਂ ਪਾਸਿਆਂ ਦੇ ਬਰਮ ਮਜਬੂਤ ਕਰਨ ਲਈ ਪ੍ਰਸ਼ਾਸ਼ਨ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਦੇਖਣ ਵਿੱਚ ਆਉਂਦਾ ਹੈ ਕਿ ਪਿੰਡਾਂ ਦੀਆਂ ਸੜਕਾਂ ਦੇ ਦੋਨਾਂ ਪਾਸਿਆਂ ਦੇ ਬਰਮ ਨਾਲ ਲਗਦੇ ਖੇਤ ਮਾਲਕਾਂ ਵੱਲੋਂ ਵੱਢ ਲਏ ਜਾਂਦੇ ਹਨ ਅਤੇ ਇਹ ਨਾਮਾਤਰ ਹੀ ਰਹਿ ਜਾਂਦੇ ਹਨ। ਇਸ ਕਾਰਨ ਆਵਾਜਾਈ ਸਮੇਂ ਵਾਹਣ ਚਾਲਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਆਹਮਣੇ ਸਾਹਮਣੇ ਤੋਂ ਗੁਜਰਦੇ ਵਾਹਨ ਵੀ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਸੜਕਾਂ ਦੇ ਬਰਮ ਮੁਕੰਮਲ ਨਾ ਹੋਣ ਕਾਰਨ ਸੜਕਾਂ ਵੀ ਜਲਦੀ ਟੁੱਟਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਹੁਣ ਕਿਸਾਨ ਵੱਲੋਂ ਕਣਕ ਦੀ ਕਟਾਈ ਤੋਂ ਬਾਅਦ ਕੁਝ ਸਮੇਂ ਲਈ ਖੇਤ ਖਾਲੀ ਹੋਣਗੇ। ਇਸ ਸਮੇਂ ਦੌਰਾਨ ਸੜਕਾਂ ਦੇ ਬਰਮ ਮੁਕੰਮਲ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਪੇਂਡੂ ਲਿੰਕ ਸੜਕਾਂ ਦੇ ਬਰਮ ਮੁਕੰਮਲ ਕਰਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਇਸ ਸੰਬੰਧੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਸਬੰਧਤ ਅਧਿਕਾਰੀਆਂ ਦੀ ਸਹਾਇਤਾ ਵੀ ਲੈ ਸਕਦੇ ਹਨ।