ਕਿਸਾਨ ਕਣਕ ਦਾ ਬੀਜ ਸਬਸਿਡੀ ਤੇ ਲੈਣ ਲਈ ਖੇਤੀਬਾੜੀ ਵਿਭਾਗ ਨਾਲ ਕਰਨ ਸੰਪਰਕ : ਡਿਪਟੀ ਕਮਿਸ਼ਨਰ

ਫ਼ਰੀਦਕੋਟ 2 ਨਵੰਬਰ : ਹਾੜੀ ਸਾਲ 2023—24 ਦੌਰਾਨ ਕਿਸਾਨਾਂ ਨੂੰ ਕਣਕ ਦਾ ਮਿਆਰੀ ਬੀਜ ਮੌਕੇ ਤੇ ਸਬਸਿਡੀ ਦੀ ਰਾਸ਼ੀ ਕੱਟ ਕੇ ਘੱਟ ਰੇਟ ਤੇ ਮੁਹੱਈਆ ਕਰਾਉਣ ਦਾ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਸਬੰਧੀ ਸ੍ਰੀ ਵਿਨੀਤ ਕੁਮਾਰ, ਡਿਪਟੀ ਕਮਿਸ਼ਨਰ, ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਿਸਾਨ ਸਬਸਿਡੀ ਤੇ ਕਣਕ ਬੀਜ ਪ੍ਰਾਪਤ ਕਰਨ ਲਈ ਆਨਲਾਈਨ ਪੋਰਟਲ (www.agrimachinerypb.com) ਤੇ ਬਿਨੈ ਪੱਤਰ 31 ਅਕਤੂਬਰ ਤੱਕ ਭਰ ਸਕਦੇ ਸਨ। ਜਿਨ੍ਹਾਂ ਕਿਸਾਨਾਂ ਨੇ 31 ਅਕਤੂਬਰ ਤੱਕ ਆਨਲਾਈਨ ਪੋਰਟਲ ਤੇ ਅਪਲਾਈ ਕੀਤਾ ਉਹ  ਕਿਸਾਨ ਪੋਰਟਲ ਉੱਪਰ ਆਪਣੀ ਰਜਿਸਰਟਡ ਆਈ. ਡੀ. ਵਿੱਚੋਂ ਕਣਕ ਸਬਸਿਡੀ ਰਜਿਸਟਰੇਸ਼ਨ—ਕਮ—ਘੋਸ਼ਣਾ ਪੱਤਰ (2023) ਪ੍ਰਿੰਟ ਕਰਕੇ ਪਿੰਡ ਦੇ ਸਰਪੰਚ/ਨੰਬਰਦਾਰ ਪਾਸੋਂ ਤਸਦੀਕ ਕਰਵਾਉਣ ਉਪਰੰਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਬਲਾਕ ਪੱਧਰ ਦੇ ਦਫਤਰ ਵਿੱਚ ਜਮ੍ਹਾਂ ਕਰਵਾ ਸਕਦੇ ਹਨ । ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਕਿਸਾਨਾਂ ਦੀ ਵੈਰੀਫਿਕੇਸ਼ਨ ਕਰਕੇ 1000 ਰੁਪੈ ਪ੍ਰਤੀ ਕੁਇੰਟਲ ਕਣਕ ਬੀਜ ਸਬਸਿਡੀ ਦੀ ਰਕਮ ਘਟਾ ਕੇ ਕਿਸਾਨਾਂ ਨੂੰ ਕਣਕ ਬੀਜ ਦੀ ਵੰਡ ਕਰ ਰਿਹਾ ਹੈ। ਜਿਲ੍ਹਾ ਫਰੀਦਕੋਟ ਨੂੰ ਹਾੜ੍ਹੀ ਸੀਜ਼ਨ 2023—24 ਦੌਰਾਨ 6500 ਕੁਇੰਟਲ ਕਣਕ ਬੀਜ ਸਬਸਿਡੀ ਉੱਪਰ ਦੇਣ ਦਾ ਟੀਚਾ ਪ੍ਰਾਪਤ ਹੋਇਆ ਹੈ। ਡਾ. ਕਰਨਜੀਤ ਸਿੰਘ ਗਿੱਲ, ਮੁੱਖ ਖੇਤੀਬਾੜੀ ਅਫਸਰ, ਫਰੀਦਕੋਟ ਅਨੁਸਾਰ ਕਣਕ ਬੀਜ ਦੀਆਂ ਕਿਸਮਾਂ ਡੀ. ਬੀ. ਡਬਲਿਊ—303, ਡੀ. ਬੀ. ਡਬਲਿਊ—222, ਡੀ. ਬੀ. ਡਬਲਿਊ—187 ਅਤੇ ਐਚ. ਡੀ. — 3086 ਦੇ ਕੁੱਲ 1800 ਕੁਇੰਟਲ ਬੀਜ ਦੀ ਵੰਡ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ। ਬਕਾਇਆ ਬੀਜ ਰੋਜਾਨਾਂ ਜਿਲ੍ਹਾ ਫਰੀਦਕੋਟ ਦੇ ਬਲਾਕ ਖੇਤੀਬਾੜੀ ਦਫਤਰਾਂ ਨੂੰ ਪ੍ਰਾਪਤ ਹੋ ਰਿਹਾ ਹੈ ਅਤੇ ਇਸ ਬੀਜ ਦੀ ਵੰਡ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ਤੇ ਕੀਤੀ ਜਾ ਰਹੀ ਹੈ। ਬਲਾਕ ਫਰੀਦਕੋਟ ਦੇ ਕਿਸਾਨਾਂ ਦੀ ਸਹੂਲਤ ਵਾਸਤੇ ਬਲਾਕ ਫਰੀਦਕੋਟ ਦੇ ਦਫਤਰ ਅੰਦਰ ਤਿੰਨ ਕਾਉਂਟਰਾਂ ਤੋਂ ਇਲਾਵਾ ਸਾਦਿਕ ਸਰਕਲ ਸਮੇਤ ਚਾਰ ਸੇਲ ਕਾਉਂਟਰ ਸਥਾਪਿਤ ਕੀਤੇ ਗਏ ਹਨ ਅਤੇ ਬਲਾਕ ਕੋਟਕਪੂਰਾ ਦੇ ਕਿਸਾਨਾਂ ਦੀ ਸਹੂਲਤ ਵਾਸਤੇ ਬਲਾਕ ਦਫਤਰ ਕੋਟਕਪੂਰਾ ਤੋਂ ਇਲਾਵਾ ਸਰਕਲ ਪੰਜਗਰਾਂਈ, ਪਿੰਡ ਵਾੜਾ ਦਰਾਕਾ (ਸਰਕਲ ਹਰੀ ਨੌਂ) ਅਤੇ ਸਰਕਲ ਬਾਜਾਖਾਨਾ ਵਿਖੇ ਕੁੱਲ ਚਾਰ ਬੀਜ ਸੇਲ ਕਾਉਂਟਰ ਸਥਾਪਿਤ ਕੀਤੇ ਗਏ ਹਨ।