ਸਬਸਿਡੀ ਤੇ ਖੇਤੀ ਮਸ਼ੀਨਰੀ ਲੈਣ ਵਾਲੇ ਕਿਸਾਨ, ਛੋਟੇ ਕਿਸਾਨਾਂ ਦੀ ਪਰਾਲੀ ਦਾ ਪ੍ਰਬੰਧਨ ਵਿਚ ਮਦਦ ਕਰਨ  : ਵਧੀਕ ਡਿਪਟੀ ਕਮਿਸ਼ਨਰ

  • ਖੇਤਾਂ ਵਿਚ ਰੀਪਰ ਜਾਂ ਕਟਰ ਮਾਰਨ ਤੋਂ ਪਹਿਲਾਂ ਬੇਲਰ ਦਾ ਪ੍ਰਬੰਧ ਕਰ ਲਿਆ ਜਾਵੇ

ਫਰੀਦਕੋਟ : 28 ਅਕਤੂਬਰ 2024 : ਜਿਲਾ ਫਰੀਦਕੋਟ ਵਿੱਚ ਝੋਨੇ ਦੀ ਪਰਾਲੀ ਨੂੰ ਜ਼ੀਰੋ ਪੱਧਰ ਤੇ ਲਿਆਉਣ ਦੇ ਟੀਚੇ ਦੀ ਪੂਰਤੀ ਲਈ ਜਿ਼ਲਾ ਪ੍ਰਸ਼ਾਸ਼ਨ ਵੱਲੋਂ ਕੀਤੇ ਜਾ ਰਹੇ ਲਗਾਤਾਰ ਉਪਰਾਲਿਆਂ ਤਹਿਤ ਕਿਸਾਨਾਂ ਨੂੰ ਪਿਛਲੇ ਛੇ ਸਾਲਾਂ ਦੌਰਾਨ ਤਕਰੀਬਨ 6500 ਖੇਤੀ ਮਸ਼ੀਨਰੀ ਸਬਸਿਡੀ ਤੇ ਦਿੱਤੀ ਗਈ ਹੈ ਤਾਂ ਜੋ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਸਹੀ ਤਰਾਂ ਹੋ ਸਕੇ। ਇਸ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਓਜਸਵੀ ਆਈ ਏ ਐਸ ਨੇ ਦੱਸਿਆ ਕਿ ਕਿਸਾਨਾਂ ਵਿਸ਼ੇਸ਼ ਕਰਕੇ ਛੋਟੇ ਕਿਸਾਨਾਂ ਦੀ ਸਹੂਲਤ ਲਈ ਜਿਲ੍ਹਾ ਫਰੀਦਕੋਟ ਵਿੱਚ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਸਬਸਿਡੀ ਤੇ ਦਿੱਤੀ ਗਈ ਖੇਤੀ ਮਸ਼ੀਨਰੀ ਦੀ ਪਿੰਡ ਵਾਰ ਸੂਚੀ ਵੈੱਬਸਾਈਟ www.faridkot.nic.in. ਤੇ ਅੱਪਲੋਡ ਕਰ ਦਿੱਤੀ ਗਈ ਹੈ ਅਤੇ ਇਸ ਮਸ਼ੀਨਰੀ ਦੀ ਪਹੁੰਚ ਵਧਾਉਣ ਲਈ ਕਿਊ ਆਰ ਕੋਡ ਵੀ ਜਾਰੀ ਕੀਤਾ ਗਿਆ ਹੈ ਜਿਸ ਨੂੰ ਸਕੈਨ ਕਰਕੇ ਕੋਈ ਵੀ ਕਿਸਾਨ ਆਪਣੇ ਪਿੰਡ ਵਿੱਚ ਮੌਜੂਦ  ਨਿੱਜੀ ਕਿਸਾਨਾਂ ਜਾਂ ਸਹਿਕਾਰੀ ਸਭਾਵਾਂ ਕੋਲ ਮੌਜੂਦ ਸਬਸਿਡੀ ਵਾਲੀ ਖੇਤੀ ਮਸ਼ੀਨਰੀ ਦਾ ਪਤਾ ਲਗਾ ਕੇ ਕਿਰਾਏ ਤੇ  ਆਪਣੀ ਕਣਕ ਦੀ ਬਿਜਾਈ ਕਰ ਸਕਦਾ ਹੈ। ਉਨਾਂ ਕਿਹਾ ਕਿ ਇਸ ਸਮੇਂ ਸਭ ਤੋਂ ਜ਼ਰੂਰੀ ਹੈ ਕਿ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਝੋਨੇ ਦੀ ਪਰਾਲੀ ਸਮੇਤ ਸਮੁੱਚੀ ਫ਼ਸਲੀ ਰਹਿੰਦ ਖੂਹੰਦ ਨੂੰ ਖੇਤ ਵਿਚ ਹੀ ਸੰਭਾਲਿਆ ਜਾਵੇ। ਉਨਾਂ ਦੱਸਿਆ ਕਿ ਜਿਲਾ ਫਰੀਦਕੋਟ ਵਿੱਚ ਕੰਬਾਈਨ ਹਾਰਵੈਸਟਰ ਉੱਪਰ ਸੁਪਰ ਐੱਸ ਐੱਮ ਐੱਸ ਲਗਾਉਣਾ ਲਾਜ਼ਮੀ ਕੀਤਾ ਗਿਆ ਹੈ ਤਾਂ ਜੋਂ ਪਰਾਲੀ ਦੀ ਸੰਭਾਲ ਵਿਚ ਕੋਈ ਮੁਸ਼ਕਲ ਪੇਸ਼ ਨਾਂ ਆਵੇ। ਉਨਾਂ ਕਿਹਾ ਕਿ  ਪਿਛਲੇ ਪੰਜ ਸਾਲ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਬਸਿਡੀ ਤੇ ਕਿਸਾਨਾਂ ਨੂੰ 6500 ਮਸ਼ੀਨਾਂ ਉਪਲਬਧ ਕਰਵਾਈਆਂ ਗਈਆਂ ਹਨ ਜਿਨ੍ਹਾਂ ਵਿਚੋਂ 2410 ਸੁਪਰ ਸੀਡਰ ,563 ਹੈਪੀ ਸੀਡਰ ,380 ਸਰਫੇਸ ਸੀਡਰ 38 ਅਤੇ 90 ਬੇਲਰ  ਹਨ। ਉਨਾਂ ਕਿਹਾ ਕਿ ਇਸ ਸਮੇਂ ਝੋਨੇ ਦੀ ਕਟਾਈ ਜ਼ੋਰਾਂ ਤੇ ਹੋਣ ਕਾਰਨ ਬੇਲਰ ਮਾਲਿਕ ਕਿਸਾਨ ਬੇਲਿੰਗ ਕਰਨ ਵਿੱਚ ਰੁਝੇ ਹੋਏ ਹਨ।ਉਨਾਂ ਕਿਹਾ ਕਿ ਪਰਾਲੀ ਦੀ ਬੇਲਿੰਗ ਕਰਨ ਲਈ ਰੀਪਰ ਮਾਰਨਾ ਜ਼ਰੂਰੀ ਹੁੰਦਾ ਹੈ ਜਿਸ ਉਪਰੰਤ ਰੇਕਰ ਨਾਲ ਪਰਾਲੀ ਲਾਈਨਾਂ ਵਿੱਚ ਕਰ ਦਿੱਤੀ ਜਾਂਦੀ ਹੈ।ਉਨਾਂ ਕਿਹਾ ਕਿ ਖੇਤਾਂ ਵਿਚ ਰੀਪਰ ਜਾਂ ਕਟਰ ਮਾਰਨ ਤੋਂ ਪਹਿਲਾਂ ਬੇਲਰ ਦਾ ਪ੍ਰਬੰਧ ਕਰ ਲਿਆ ਜਾਵੇ ਤਾਂ ਜੋਂ ਰੀਪਰ ਵੱਜੇ ਖੇਤ ਵਿਚ ਪਰਾਲੀ ਦਾ ਪ੍ਰਬੰਧਨ ਕਰਨ ਵਿਚ ਕਿਸੇ ਕਿਸਮ ਦੀ ਸਮੱਸਿਆ ਨਾਂ ਆਵੇ। ਉਨਾਂ  ਦੱਸਿਆ ਕਿ ਕਿਸਾਨ ਘੱਟ ਰੇਟਾਂ ਤੇ ਕਿਰਾਏ ਵਾਲੀ ਮਸ਼ੀਨਰੀ ਸਹਿਕਾਰੀ ਸਭਾਵਾਂ, ਪੰਚਾਇਤਾਂ ਅਤੇ ਪ੍ਰਾਈਵੇਟ ਗਰੁੱਪਾਂ ਤੋਂ ਕਿਰਾਏ ਤੇ ਲੈ ਕੇ ਆਪਣੀ ਕਣਕ ਦੀ ਬਿਜਾਈ ਕਰ ਸਕਦੇ ਹਨ। ਉਨਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਖ਼ੇਤੀ  ਮਸੀਨਰੀ ਕਿਰਾਏ ਤੇ ਲੈਣ ਵਿਚ ਕੋਈ ਸਮੱਸਿਆ ਆਉਂਦੀ ਹੈ ਤਾਂ ਜ਼ਿਲਾ ਪੱਧਰ ਤੇ ਸਥਾਪਿਤ ਕੀਤੇ ਕੰਟਰੋਲ ਨੰਬਰ 81467-55422, 95305-41497, 83273-11711 ਅਤੇ 95306-09090 ਤੇ ਸੰਪਰਕ ਕਰ ਸਕਦਾ ਹੈ।ਉਨ੍ਹਾਂ ਦੱਸਿਆ ਕਿ ਜੇਕਰ ਕੋਈ ਕਿਸਾਨ ਸਬਸਿਡੀ ਵਾਲੀ ਮਸ਼ੀਨ ਕਿਰਾਏ ਤੇ ਦੇਣ ਤੋਂ ਮਨ੍ਹਾਂ ਕਰਦਾ ਹੈ ਤਾਂ ਉਸ ਖਿਲਾਫ ਨੋਟਿਸ ਜਾਰੀ ਕਰਨ ਲਈ ਉਪ ਮੰਡਲ ਅਫ਼ਸਰਾਂ ਨੁੰ ਅਧਿਕਾਰਿਤ ਕੀਤਾ ਗਿਆ ਹੈ । ਉਨਾਂ ਦੱਸਿਆ ਕਿ ਜੇਕਰ ਕੋਈ ਕਿਸਾਨ ,ਜਿਸ ਨੇ ਖੇਤੀ ਮਸੀਨਰੀ ਸਬਸਿਡੀ ਤੇ ਲਈ ਹੈ,ਕਿਸੇ ਕਿਸਾਨ ਨੂੰ ਕਿਰਾਏ ਤੇ ਦੇਣ ਤੋਂ ਇਨਕਾਰੀ ਹੁੰਦਾ ਹੈ ਤਾਂ ਦਿੱਤੀ ਗਈ ਸਬਸਿਡੀ ਸਮੇਤ ਵਿਆਜ ਵਾਪਿਸ ਲਈ ਜਾਵੇਗੀ। ਉਨਾਂ ਮਸੀਨਰੀ ਮਾਲਕ ਕਿਸਾਨਾਂ ਨੁੰ ਅਪੀਲ ਕੀਤੀ ਕਿ ਜਿਲਾ ਫ਼ਰੀਦਕੋਟ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ਤੇ ਲਿਆਉਣ ਦੇ ਮਿਥੇ ਟੀਚੇ ਦੀ ਪ੍ਰਾਪਤੀ ਲਈ ਸਹਿਯੋਗ ਕਰਦਿਆਂ ਖੇਤੀ ਮਸੀਨਰੀ ਦੀ ਵਰਤੋਂ ਕਰਨ ਉਪਰੰਤ ,ਹੋਰਨਾਂ ਕਿਸਾਨਾਂ ਖਾਸ ਕਰਕੇ ਛੋਟੇ ਕਿਸਾਨਾਂ ਵੱਲੋਂ ਪਰਾਲੀ ਦੀ ਖੇਤਾਂ ਵਿਚ ਸੰਭਾਲ ਕਰਕੇ ਜਿ਼ਲਾ ਪ੍ਰਸ਼ਾਸ਼ਨ ਦੀ ਮਦਦ ਕਰਨ ਮਦਦ ਕਰਨ।