ਕਿਸਾਨਾਂ ਵੱਲੋਂ ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ਦਿੱਲੀ ਕੂਚ ਦਾ ਐਲਾਨ, 6 ਮਾਰਚ ਨੂੰ ਦਿੱਲੀ ਜੰਤਰ ਮੰਤਰ ਪਹੁੰਚਣਗੇ ਕਿਸਾਨ

ਬਠਿੰਡਾ, 03 ਮਾਰਚ : ਖਨੌਰੀ ਬਾਰਡਰ ’ਤੇ ਕਿਸਾਨ ਅੰਦੋਲਨ ਵਿੱਚ ਜਾਨ ਗਵਾਉਣ ਵਾਲੇ ਸ਼ੁਭਕਰਨ ਸਿੰਘ ਦੇ ਭੋਗ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਲਈ ਲੋਕ ਵਹੀਰਾਂ ਘੱਤ ਕੇ ਪੁੱਜ ਰਹੇ ਹਨ। ਇਸੇ ਦੌਰਾਨ ਕਿਸਾਨ ਜਥੇਬੰਦੀਆਂ ਨੇ ਸ਼ੁਭਕਰਨ ਸਿੰਘ ਦੇ ਭੋਗ ਅੰਤਿਮ ਅਰਦਾਸ ਮੌਕੇ ਦਿੱਲੀ ਕੂਚ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਬਠਿੰਡਾ ਵਿੱਚ ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ਦੌਰਾਨ ਸਟੇਜ ਤੋਂ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ-ਪੰਜਾਬ ਦੇ ਕਿਸਾਨ ਖਨੌਰੀ-ਸ਼ੰਭੂ ਸਰਹੱਦ ‘ਤੇ ਹੀ ਧਰਨਾ ਦੇਣਗੇ। ਕਿਸਾਨ ਟਰੈਕਟਰ-ਟਰਾਲੀਆਂ ਨਹੀਂ ਸਗੋਂ ਰੇਲਾਂ ਤੇ ਬੱਸਾਂ ਰਾਹੀਂ ਦਿੱਲੀ ਜਾਣਗੇ। ਇਹ ਐਲਾਨ ਕਿਸਾਨ ਲੀਡਰ ਸਰਵਣ ਸਿੰਘ ਪੰਧੇਰ ਨੇ ਕੀਤਾ ਹੈ। ਪੰਧੇਰ ਨੇ ਕਿਹਾ ਕਿ 6 ਮਾਰਚ ਨੂੰ ਦਿੱਲੀ ਜੰਤਰ ਮੰਤਰ ਜਾਵਾਂਗੇ। ਅਸੀਂ ਰੇਲ ਰਾਹੀਂ ਜਾਂ ਬੱਸਾਂ ਰਾਹੀਂ ਜਾਵਾਂਗੇ। ਫਿਰ ਦੇਖਾਂਗੇ ਕਿ ਜਾਣ ਦਿੰਦੇ ਹਨ ਜਾਂ ਨਹੀਂ। ਉਨ੍ਹਾਂ ਨੇ ਕਿਹਾ ਕਿ ਇਹ ਪੰਜਾਬ ਦਾ ਅੰਦੋਲਨ ਨਹੀਂ, ਦੇਸ਼ ਦੇ ਕਿਸਾਨਾਂ ਦਾ ਅੰਦੋਲਨ ਹੈ। ਹੁਣ ਵੇਖਾਂਗੇ ਕਿ ਜੇਕਰ ਕਿਸਾਨ ਬਿਨਾਂ ਟਰੈਕਟਰਾਂ ਦੇ ਦਿੱਲੀ ਜਾਂਦੇ ਹਨ ਤਾਂ ਉਹ ਅੰਦੋਲਨ ਕਰਨ ਦੇਣਗੇ ਜਾਂ ਨਹੀਂ। 10 ਮਾਰਚ ਨੂੰ ਦੁਪਹਿਰ 12 ਤੋਂ 4 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਪੰਧੇਰ ਨੇ ਕਿਹਾ ਕਿ ਪੁਲਿਸ ਨੇ ਇਜ਼ਰਾਈਲ ਤੋਂ ਡਰੋਨ ਮੰਗਵਾਏ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋ ਕੀਤੀ ਗਈ ਬੈਰੀਕੇਟ ਬਾਰੇ ਬੋਲਦਿਆਂ ਕਿਹਾ ਕਿ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਨੂੰ ਦੇਖ ਇੰਝ ਜਾਪਦਾ ਹੈ ਕਿ ਇਹ ਕੌਮਾਂਤਰੀ ਸਰਹੱਦ ਹੋਵੇ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲੀ ਵਾਰ  ਹੋਇਆ ਹੈ ਕਿ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ 70 ਹਜ਼ਾਰ ਫੋਰਸ ਬਲ ਤੈਨਾਤ ਕੀਤੇ ਹਨ ਅਤੇ ਹਥਿਆਰਾਂ ਦੀ ਵਰਤੋਂ ਵੀ ਕੀਤੀ ਹੋਵੇ। ਪੰਧੇਰ ਨੇ ਕਿਹਾ ਕਿ ਅੰਦੋਲਨ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਅੰਦੋਲਨ ਪੰਧੇਰ ਤੇ ਡੱਲੇਵਾਲ ਦੀਆਂ ਜੱਥੇਬੰਦੀਆਂ ਦਾ ਹੈ ਪਰ ਇਹ 200+ ਯੂਨੀਅਨਾਂ ਦਾ ਅੰਦੋਲਨ ਹੈ। ਪੰਧੇਰ ਨੇ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਬੱਸ ਜਾਂ ਫਿਰ ਟ੍ਰੇਨ ‘ਤੇ ਕਿਸਾਨ ਦਿੱਲੀ ਆ ਜਾਣ ਪਰ ਜੇਕਰ ਅਸੀਂ ਦਿੱਲੀ ਟਰੈਕਟਰ ਟਰੈਲੀ ਨਹੀਂ ਲੈ ਕ੍ ਗਏ ਤਾਂ ਇਹ ਟ੍ਰੈਂਡ ਬਣ ਜਾਵੇਗਾ ਅਤੇ ਅਸੀਂ ਕਦੇ ਵੀ ਦੁਬਾਰਾ ਟਰੈਕਟਰ ਨਾਲ ਦਿੱਲੀ ਨਹੀਂ ਜਾ ਸਕਦੇ। ਪੰਧੇਰ ਨੇ ਕਿਹਾ ਕਿ ਹਰਿਆਣਾ-ਪੰਜਾਬ ਨੂੰ ਛੱਡ ਕੇ ਬਾਕੀ ਸੂਬਿਆਂ ਦੇ ਕਿਸਾਨ ਆਪੋ-ਆਪਣੇ ਤਰੀਕਿਆਂ ਨਾਲ ਦਿੱਲੀ ਪੁੱਜੇ। ਚਾਹੇ ਉਹ ਰੇਲਗੱਡੀ ਰਾਹੀਂ ਆਉਣ ਜਾਂ ਪੈਦਲ, ਉਹ ਸਾਰੇ ਦਿੱਲੀ ਜਾਣਗੇ। ਇਸ ਨਾਲ ਸਰਕਾਰ ਦੀ ਮਨਸ਼ਾ ਸਾਫ਼ ਹੋ ਜਾਵੇਗੀ ਕਿ ਕੀ ਉਹ ਕਿਸਾਨਾਂ ਨੂੰ ਟਰੈਕਟਰ ਟਰਾਲੀ ਤੋਂ ਬਿਨਾਂ ਵੀ ਦਿੱਲੀ ਆਉਣ ਦੇਵੇਗੀ। ਹਰਿਆਣਾ-ਪੰਜਾਬ ਦੇ ਕਿਸਾਨਾਂ ਦਾ ਅਜਿਹਾ ਹੀ ਅੰਦੋਲਨ ਖਨੌਰੀ-ਸ਼ੰਭੂ ਸਰਹੱਦ ‘ਤੇ ਜਾਰੀ ਰਹੇਗਾ।