ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਨਾਉਣ ਵਾਲੇ ਕਿਸਾਨ 15 ਜੁਲਾਈ ਤੱਕ ਆਨ ਲਾਈਨ ਪੋਰਟਲ ਤੇ ਨਾਮ ਦਰਜ ਕਰਵਾ ਸਕਦੇ ਹਨ : ਮੁੱਖ ਖੇਤੀਬਾੜੀ ਅਫ਼ਸਰ

  • ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸਨਮਾਨ ਰਾਸ਼ੀ ਵਜੋਂ ਪ੍ਰਤੀ ਹੈਕਟੇਅਰ 3750/- ਰੁਪਏ ਦਿੱਤੇ ਜਾਣਗੇ

ਫਰੀਦਕੋਟ,13 ਜੁਲਾਈ 2024 : ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਘਾਟ ਅਤੇ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸਨਮਾਨ ਰਾਸ਼ੀ ਵਜੋਂ ਪ੍ਰਤੀ ਹੈਕਟੇਅਰ 3750/- ਰੁਪਏ ਦਿੱਤੇ ਜਾਣਗੇ।ਬਲਾਕ ਫਰੀਦਕੋਟ ਵਿੱਚ ਵੱਖ ਵੱਖ ਪਿੰਡਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਦਾ ਜਾਇਜ਼ਾ ਲੈਣ ਉਪਰੰਤ ਪਿੰਡ ਕੋਟ ਸੁਖੀਆ ਵਿੱਚ ਇਸ ਬਾਰੇ ਜਾਣਕਾਰੀ ਦਿੰਦਿਆਂ ਡਾ.ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਮਜ਼ਦੂਰੀ,ਸਮੇਂ,ਖੇਤੀ ਲਾਗਤ ਖਰਚੇ ਅਤੇ ਜ਼ਮੀਨ ਹੇਠਲੇ ਪਾਣੀ ਦੀ ਬੱਚਤ ਹੁੰਦੀ ਹੈ।ਉਨਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਣਾ ਕੇ ਝੋਨੇ ਦੀ ਬਿਜਾਈ ਕੀਤੀ ਹੈ ਅਤੇ ਅਪਣਾ ਨਾਮ ਪੋਰਟਲ ਤੇ ਦਰਜ ਨਹੀਂ ਕਰਵਾਇਆ ,ਉਹ 15 ਜੁਲਾਈ ਤਕ ਆਨਲਾਈਨ ਪੋਰਟਲ ਤੇ ਅਪਣਾ ਨਾਮ ਦਰਜ ਕਰਵਾ ਸਕਦਾ ਹੈ । ਉਨਾਂ ਦੱਸਿਆ ਕਿ ਸਿੱਧੀ ਬਿਜਾਈ ਤਕਨੀਕ ਵਿੱਚ ਨਦੀਨਾਂ ਦੀ ਰੋਕਥਾਮ ਲਈ ਸਹੀ ਨਦੀਨ ਨਾਸ਼ਕ ਦਵਾਈਆਂ ਦੀ ਸਹੀ ਸਮੇਂ ਅਤੇ ਸਹੀ ਤਕਨੀਕ ਅਪਣਾ ਕੇ ਵਰਤੋਂ ਕੀਤੀ ਜਾਵੇ ।ਉਨਾਂ ਦੱਸਿਆ ਕਿ ਜੇਕਰ ਪੈਂਡੀਮੈਥਾਲੀਨ ਨਦੀਨਨਾਸ਼ਕ ਵਰਤਣ ਦੇ ਬਾਵਜੂਦ ਜੇਕਰ ਖੇਤ ਵਿੱਚ ਨਦੀਨ ਮੌਜੂਦ ਹਨ ਤਾਂ ਨਦੀਨਾਂ ਦੀ ਮੌਜੂਦਗੀ ਦੇ ਹਿਸਾਬ ਨਾਲ ਨਦੀਨ ਨਾਸ਼ਕ ਦੀ ਚੋਣ ਕਰਕੇ ਹੀ ਛਿੜਕਾਅ ਕੀਤਾ ਜਾਵੇ।ਉਨਾਂ ਦੱਸਿਆ ਕਿ ਜੇਕਰ ਝੋਨੇ ਦੀ ਫਸਲ ਵੱਚ ਗੁੜਤ ਮਧਾਣਾ,ਤੱਕੜੀ ਘਾਹ,ਚੀਨੀ ਘਾਹ ਜਾਂ ਚਿੜੀ ਘਾਹ ਹੈ ਤਾਂ 400 ਮਿਲੀ ਲਿਟਰ ਫਿਨੋਕਸਾਪਰੋਪ-ਪੀ-ਇਥਾਇਲ 6.7 ਈ ਸੀ,ਜੇਕਰ ਸਵਾਂਕ,ਸਵਾਂਕੀ ਜਾਂ ਮੋਥਾ/ਮੁਰਕ ਹੈ ਤਾਂ 100 ਮਿਲੀ ਲਿਟਰ ਬਿਸਪੈਰੀਬੈਕ 10 ਐਸ ਸੀ ,ਜੇਕਰ ਚੌੜੇ ਪੱਤੇ ਵਾਲੇ ਨਦੀਨ,ਮੋਥਾ,ਗੰਡੀ ਵਾਲਾ ਮੋਥਾ/ਡੀਲਾ/ਮੁਰਕ ਨਦੀਨ ਹਨ ਤਾਂ 8 ਗ੍ਰਾਮ ਐਲਮਿਕਸ (ਕਲੋਰੀ ਮਿਯੂਰਾਨ+ਮੈਟਸਲਫੂਰਾਨ ਮਿਥਾਇਲ) ਅਤੇ ਜੇਕਰ ਸਵਾਂਕ,ਸਵਾਂਕੀ,ਮੋਥੇ ਜਾਂ ਚੀਨੀ ਘਾਹ ਹੈ ਤਾਂ 900 ਮਿਲੀ ਲਿਟਰ ਪਿਨੋਕਸਾਸੁਲਮ+ਸਾਈਹੈਲੋਫੌਪ ਨੂੰ 100-150 ਲਿਟਰ ਪਾਣੀ ਵਿੱਚ ਘੋਲ ਕੇ ਨਦੀਨ 2-4 ਪੱਤਿਆਂ ਦੀ ਅਵਸਥਾ ਤੇ ਛਿੜਕਾਅ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਨਦੀਨਨਾਸ਼ਕ ਦਾ ਛਿੜਕਾਅ ਹਮੇਸ਼ਾਂ ਵੱਤਰ ਖੇਤ ਵਿੱਚ ਕਰੋ ਅਤੇ ਹਫਤੇ ਬਾਅਦ ਪਾਣੀ ਲਗਾਇਆ ਜਾਵੇ।ਉਨਾਂ ਦੱਸਿਆ ਕਿ ਸਨਮਾਨ ਰਾਸ਼ੀ ਦੀ ਅਦਾਇਗੀ ਲਾਭਪਾਤਰੀ ਦੇ ਅਨਾਜ ਖ੍ਰੀਦ /ਈ-ਮੰਡੀਕਰਨ ਪੋਰਟਲ ਤੇ ਰਜਿਸਟਰਡ ਬੈਂਕ ਖਾਤਾ ਨੰਬਰ ਤੇ ਹੀ ਕੀਤੀ ਜਾਵੇਗੀ।ਉਨਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਦੀ ਪਹਿਲੀ ਤਸਦੀਕ ਲਈ ਪੋਰਟਲ ਖੋਲ ਦਿੱਤਾ ਗਿਆ ਹੈ। ਇਸ ਮੌਕੇ ਉਨਾਂ ਦੇ ਨਾਲ ਡਾ. ਰਮਨਦੀਪ ਸਿੰਘ, ਡਾ .ਗੁਰਮਿੰਦਰ ਸਿੰਘ ,ਡਾ.ਲਖਵੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ,ਡਾ.ਦਵਿੰਦਰਪਾਲ ਸਿੰਘ ਗਰੇਵਾਲ ਖੇਤੀਬਾੜੀ ਵਿਸਥਾਰ ਅਫਸਰ ਵੀ ਹਾਜ਼ਰ ਸਨ।