ਖੇਤੀਬਾੜੀ ਵਿਭਾਗ ਵੱਲੋ ਬਲਾਕ ਅਬੋਹਰ ਦੇ ਵੱਖ-ਵੱਖ ਪਿੰਡਾ ਵਿੱਚ ਲਗਾਏ ਗਏ ਕਿਸਾਨ ਸਿਖਲਾਈ ਕੈਂਪ

ਅਬੋਹਰ, 8 ਅਗਸਤ : ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆ ਦੀਆਂ ਹਦਾਇਤਾਂ ਅਨੁਸਾਰ ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੀਤ ਸਿੰਘ ਚੀਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਖੇਤੀਬਾੜੀ ਅਫਸਰ ਡਾ. ਸੁੰਦਰ ਲਾਲ ਦੀ ਅਗਵਾਈ ਹੇਠ  ਡਾ. ਵਿਕਰਾਂਤ ਖੇਤੀਬਾੜੀ ਵਿਕਾਸ ਅਫਸਰ ਅਤੇ ਸ੍ਰੀ ਵਿਪਨ ਕੁਮਾਰ ਖੇਤੀਬਾੜੀ ਉਪ-ਨਿਰੀਖਕ ਵੱਲੋ ਸਰਕਲ ਕੁੰਡਲ ਬਲਾਕ ਅਬੋਹਰ ਦੇ ਪਿੰਡ ਬੁਰਜ ਮੁਹਾਰ, ਰਹੁੜਿਆਵਾਲੀ, ਬੁਰਜ ਹਨੂੰਮਾਨਗੜ ਅਤੇ ਘੁੜਿਆਣਾ ਵਿਖੇ ਨਰਮੇ ਅਤੇ ਝੋਨੇ ਦੀ ਫਸਲ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਏ ਗਏ। ਡਾ. ਵਿਕਰਾਂਤ ਵਲੋਂ ਇਹਨਾ ਕੈਂਪਾ ਵਿੱਚ ਕਿਸਾਨਾ ਨੂੰ ਨਰਮੇ ਦੀ ਫਸਲ ਵਿੱਚ ਗੁਲਾਬੀ ਸੁੰਡੀ ਅਤੇ ਕੀਟ ਪ੍ਰਬੰਧਨ ਦੇ ਨਾਲ ਨਾਲ ਝੋਨੇ ਅਤੇ ਹੋਰ ਫਸਲਾਂ ਵਿੱਚ ਕੀੜੇ-ਮਕੋੜੇ ਅਤੇ ਬਿਮਾਰੀਆ ਦੀ ਰੋਕਥਾਮ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਸ੍ਰੀ ਵਿਪਨ ਕੁਮਾਰ, ਖੇਤੀਬਾੜੀ ਉਪ ਨਿਰੀਖਕ ਵੱਲੋ ਵਿਭਾਗ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਅੰਤ ਵਿਚ ਡਾ. ਵਿਕਰਾਂਤ ਵੱਲੋਂ ਸੁਝਾਅ ਦਿੱਤੇ ਗਏ ਕਿ ਕਿਸਾਨ ਵੀਰ ਅਪਣੀਆਂ ਫਸਲਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਵਿਭਾਗ ਵਲੋਂ ਸਿਫਾਰਿਸ਼-ਸੁਦਾ ਕੀੜੇਮਾਰ ਦਵਾਈਆ ਦੀ ਵਰਤੋ ਕਰਨ ਅਤੇ ਨਰਮੇ ਦੀ ਫਸਲ ਇਸ ਸਮੇਂ ਫੁੱਲ-ਫਲਾਕੇ ਤੇ ਹੋਣ ਕਾਰਨ 4 ਸਪਰੇਆਂ ਹਫਤੇ ਦੇ ਵਕਫੇ ਤੇ ਪੋਟਾਸ਼ੀਅਮ ਨਾਈਟਰੇਟ (13:0:45) 2% ਅਤੇ ਮੈਗਨੀਸ਼ੀਅਮ ਸਲਫੇਟ 1% ਦੀਆ 2 ਸਪਰੇਆਂ 15 ਦਿਨਾਂ ਦੇ ਵਕਫੇ ਤੇ ਜਰੂਰ ਕਰਨ ਤਾਂ ਜੋ ਨਰਮੇ ਦਾ ਵਧੀਆ ਝਾੜ ਪ੍ਰਾਪਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸੇ ਵੀ ਜਾਣਕਾਰੀ/ਸੁਝਾਅ ਲਈ ਦਫਤਰ ਜ਼ਿਲ੍ਹਾ ਖੇਤੀਬਾੜੀ ਵਿਭਾਗ ਨਾਲ ਜਾਂ ਬਲਾਕ ਖੇਤੀਬਾੜੀ ਦਫਤਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।