ਪ੍ਰਸਿੱਧ ਅਰਥ ਸ਼ਾਸਤਰੀ ਡਾ. ਅਸ਼ੋਕ ਗੁਲਾਟੀ ਨੇ ਪੀ.ਏ.ਯੂ. ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕੀਤਾ

ਲੁਧਿਆਣਾ 21 ਅਪ੍ਰੈਲ : ਅੰਤਰਰਾਸ਼ਟਰੀ ਆਰਥਿਕ ਸੰਬੰਧਾਂ ਬਾਰੇ ਭਾਰਤੀ ਪ੍ਰੀਸ਼ਦ ਨਵੀਂ ਦਿੱਲੀ ਦੇ ਪ੍ਰਸਿੱਧ ਅਰਥ ਸ਼ਾਸਤਰੀ ਡਾ. ਅਸੋਕ ਗੁਲਾਟੀ ਨੇ ਬੀਤੇ ਦਿਨੀਂ ਆਪਣੀ ਟੀਮ ਸਮੇਤ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਮਾਹਿਰਾਂ ਨਾਲ ਗੱਲਬਾਤ ਕੀਤੀ | ਇਸ ਮੌਕੇ ਉਹਨਾਂ ਦੀ ਟੀਮ ਵਿੱਚ ਡਾ. ਰੀਨਾ ਸਿੰਘ, ਡਾ. ਪੂਰਵੀ ਥੰਗਰਾਜ ਅਤੇ ਕੁਮਾਰੀ ਵਿਦਵੱਤਾ ਸ਼ਰਮਾ ਸ਼ਾਮਲ ਸਨ | ਇਸ ਮੁਲਾਕਾਤ ਦੌਰਾਨ ਵਾਤਾਵਰਨ ਪੱਖੀ ਖੇਤੀ ਵਿਧੀਆਂ ਬਾਰੇ ਭਰਪੂਰ ਵਿਚਾਰ-ਵਟਾਂਦਰਾ ਹੋਇਆ | ਜ਼ਿਕਰਯੋਗ ਹੈ ਕਿ ਡਾ. ਗੁਲਾਟੀ ਨੂੰ ਖੇਤੀ ਅਰਥ ਸ਼ਾਸਤਰ ਵਿੱਚ ਉਹਨਾਂ ਦੀਆਂ ਸੇਵਾਵਾਂ ਲਈ ਭਾਰਤ ਸਰਕਾਰ ਵੱਲੋਂ ਪਦਮਸ਼੍ਰੀ ਨਾਲ ਨਿਵਾਜ਼ਿਆ ਗਿਆ ਅਤੇ ਉਹ ਖੇਤੀ ਲਾਗਤਾਂ ਅਤੇ ਕੀਮਤਾਂ ਲਈ ਕਮਿਸਨ ਦੇ ਸਾਬਕਾ ਚੇਅਰਮੈਨ ਵੀ ਹਨ| ਡਾ. ਅਸੋਕ ਗੁਲਾਟੀ ਨੇ 60ਵਿਆਂ ਦੇ ਦਹਾਕੇ ਵਿੱਚ ਭਾਰਤ ਨੂੰ ਅਨਾਜ ਪੱਖੋਂ ਸਵੈ-ਨਿਰਭਰ ਬਨਾਉਣ ਲਈ ਅਤੇ ਖੇਤੀ ਦੀ ਮਹਾਂ ਸ਼ਕਤੀ ਬਣਨ ਲਈ ਪੰਜਾਬ ਅਤੇ ਪੀ.ਏ.ਯੂ. ਦੀ ਸ਼ਲਾਘਾ ਕਰਦਿਆਂ ਆਪਣੀ ਚਰਚਾ ਸ਼ੁਰੂ ਕੀਤੀ| ਨਾਲ ਹੀ ਉਹਨਾਂ ਨੇ ਇਸ ਵਿਕਾਸ ਦੇ ਨਕਾਰਾਤਮਕ ਨਤੀਜਿਆਂ ਜਿਵੇਂ ਕਿ ਮਿੱਟੀ ਦੀ ਸਿਹਤ ਖਰਾਬੀ, ਪਾਣੀ ਦੀ ਕਮੀ ਅਤੇ ਕੀਟ ਨਾਸ਼ਕਾਂ ਅਤੇ ਨਦੀਨ ਨਾਸ਼ਕਾਂ ਦੀ ਵਰਤੋਂ ਦੇ ਰਸਾਇਣਕ ਤਰੀਕਿਆਂ ਦੀ ਗੱਲ ਵੀ ਕੀਤੀ | ਡਾ. ਗੁਲਾਟੀ ਅਨੁਸਾਰ ਖੇਤੀ ਲਾਗਤਾਂ ਅਤੇ ਕੀਮਤ ਸਮਰਥਨ ਲਈ ਸਬਸਿਡੀਆਂ ਦੀ ਨੀਤੀ ਨੇ ਪਾਣੀ ਦੀ ਘਾਟ ਵਾਲੀਆਂ ਫਸਲਾਂ ਵੱਲ ਰੁਝਾਨ ਪੈਦਾ ਕੀਤਾ | ਡਾ. ਗੁਲਾਟੀ ਨੇ ਇਸ਼ਾਰਾ ਕੀਤਾ ਕਿ ਭਾਰਤ ਦੀਆਂ ਖੇਤੀਬਾੜੀ ਨੀਤੀਆਂ ਵਿੱਚ ਰਾਸ਼ਟਰੀ ਖੁਰਾਕ ਸੁਰੱਖਿਆ, ਵੱਧ ਆਮਦਨੀ ਵਾਲੀ ਆਬਾਦੀ ਲਈ ਘੱਟ ਭੋਜਨ ਦੀਆਂ ਕੀਮਤਾਂ ਅਤੇ ਕਿਸਾਨਾਂ ਲਈ ਆਮਦਨ ਸਹਾਇਤਾ ਸਮੇਤ ਕਈ ਉਦੇਸ਼ ਸ਼ਾਮਿਲ ਹਨ| ਖੇਤੀ ਸੁਧਾਰਾਂ ਨੂੰ ਲਾਗੂ ਕਰਨ ਲਈ ਕੇਂਦਰ ਅਤੇ ਰਾਜ ਸਰਕਾਰਾਂ ਵਿਚਕਾਰ ਸਹਿਯੋਗੀ ਯਤਨਾਂ ਦੀ ਲੋੜ ’ਤੇ ਜੋਰ ਦਿੰਦੇ ਹੋਏ ਉਹਨਾਂ ਨੇ ਖਪਤਕਾਰਾਂ ਤੋਂ ਕਿਸਾਨਾਂ ਵੱਲ ਧਿਆਨ ਕੇਂਦਰਿਤ ਕਰਨ ਦਾ ਸੱਦਾ ਦਿੱਤਾ ਅਤੇ ਸੁਝਾਅ ਦਿੱਤਾ ਕਿ ਖਪਤਕਾਰਾਂ ਨੂੰ ਸਬਸਿਡੀ ਦੇਣਾ ਕਿਸਾਨ ਦੀ ਜ਼ਿੰਮੇਵਾਰੀ ਨਹੀਂ ਹੈ| ਉਹਨਾਂ ਖੇਤੀ ਸੁਧਾਰਾਂ ਦੀ ਹਮਾਇਤ ਕੀਤੀ ਜੋ ਕਿਸਾਨਾਂ ਦੀ ਰੋਜ਼ੀ-ਰੋਟੀ, ਜ਼ਮੀਨ ਅਤੇ ਕੁਦਰਤੀ ਸਰੋਤਾਂ ਦੀ ਕੁਸ਼ਲਤਾ ਵਿੱਚ ਸੁਧਾਰ ਅਤੇ ਬਿਹਤਰ ਬੁਨਿਆਦੀ ਢਾਂਚੇ ਲਈ ਖੇਤੀਬਾੜੀ ਮੰਡੀਆਂ ਨੂੰ ਖੋਲ•ਣ ’ਤੇ ਕੇਂਦਰਿਤ ਹੋਣ | ਕੁਦਰਤੀ ਸਰੋਤਾਂ ਦੀ ਸੰਭਾਲ ਲਈ ਡਾ. ਗੁਲਾਟੀ ਨੇ ਕਿਸਾਨਾਂ ਨੂੰ ਵਾਤਾਵਰਨ ਪੱਖੀ ਨਾਲ ਜੁੜਨ ਅਤੇ ਸਮਾਰਟ ਖੇਤੀ ਤਰੀਕਿਆਂ ਲਈ ਉਤਸ਼ਾਹਿਤ ਕਰਨ ਦੀ ਸਿਫਾਰਸ਼ ਕੀਤੀ| ਉਹਨਾਂ ਕਿਹਾ ਕਿ ਅਜਿਹਾ ਮਹੌਲ ਹੀ ਭਾਰਤ ਨੂੰ ਵਾਤਾਵਰਣ ਅਤੇ ਵਿੱਤੀ ਤੌਰ ’ਤੇ ਟਿਕਾਊ ਤਰੀਕੇ ਨਾਲ ਭਿੰਨਤਾ ਵਾਲੇ ਅਤੇ ਪੌਸ਼ਟਿਕ ਭੋਜਨ ਪੈਦਾ ਕਰਨ ਦੇ ਯੋਗ ਬਣਾਵੇਗਾ| ਉਹਨਾਂ ਨੇ ਖੇਤੀ ਸੰਘਣਤਾ ਦੇ ਨਾਲ-ਨਾਲ ਪੋਸ਼ਣ ਵੱਲ ਧਿਆਨ ਦੇਣ ਲਈ ਮਾਹਿਰਾਂ ਨੂੰ ਸੱਦਾ ਦਿੱਤਾ | ਉਹਨਾਂ ਕਿਹਾ ਕਿ ਮੌਜੂਦਾ ਖੇਤੀ ਢਾਂਚੇ ਨੂੰ ਅਜਿਹੀਆਂ ਨੀਤੀਆਂ ਦੁਆਰਾ ਬਦਲਿਆ ਜਾਣਾ ਚਾਹੀਦਾ ਹੈ ਜਿੱਥੇ ਕਿਸਾਨਾਂ ਨੂੰ ਸਮੱਸਿਆ ਵਜੋਂ ਨਹੀਂ ਸਗੋਂ ਹੱਲ ਵਜੋਂ ਦੇਖਿਆ ਜਾਣਾ ਚਾਹੀਦਾ ਹੈ | ਪੰਜਾਬ ਦੀ ਖੇਤੀ ਦੀਆਂ ਚੁਣੌਤੀਆਂ ਬਾਰੇ ਗੱਲ ਕਰਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਮੌਸਮੀ ਤਬਦੀਲੀ ਕਾਰਨ ਗਰਮੀ ਦਾ ਤਣਾਅ ਜਾਂ ਬੇਲੋੜੀ ਬਾਰਿਸ਼ ਫਸਲਾਂ ਦੇ ਮਿਆਰ ਨੂੰ ਪ੍ਰਭਾਵਿਤ ਕਰਦੀ ਹੈ| ਇਸ ਨਾਲ ਨਵੇਂ ਰੋਗਾਣੂਆਂ ਦਾ ਪੈਦਾ ਹੋਣਾ ਇੱਕ ਹੋਰ ਮੁੱਦਾ ਹੈ ਜਿਸ ਨਾਲ ਰਾਜ ਨੂੰ ਜੂਝਣਾ ਪੈ ਰਿਹਾ ਹੈ| ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਪੀਏਯੂ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪ੍ਰਤੀਬੱਧ ਹੈ ਅਤੇ ਨਾਲ ਹੀ ਵਾਤਾਵਰਨ ਪੱਖੀ ਖੇਤੀ ਅਤੇ ਪੌਸ਼ਟਿਕਤਾ ਦੇ ਸੰਤੁਲਨ ਵਾਲੀਆਂ ਖੋਜਾਂ ਸਾਡੀ ਤਰਜੀਹ ਤੇ ਹਨ | ਡਾ. ਗੋਸਲ ਨੇ  ਵਾਤਾਵਰਨ ਪੱਖੀ ਤਕਨੀਕਾਂ, ਜੀਨੋਮ ਸੰਪਾਦਨ, ਬਾਇਓਫੋਰਟੀਫਿਕੇਸ਼ਨ, ਗੁਣ-ਵਿਸ਼ੇਸ਼ ਫਸਲ ਵਿਕਾਸ, ਬਾਇਓਟਿਕ ਤਣਾਅ ਲਈ ਪਹਿਲਾਂ ਚੇਤਾਵਨੀ ਪ੍ਰਣਾਲੀ, ਮਿੱਟੀ ਦੀ ਸਿਹਤ ਸੁਧਾਰ ਆਦਿ ਕੁਝ ਅਜਿਹੇ ਖੇਤਰ ਹਨ ਜੋ ਯੂਨੀਵਰਸਿਟੀ ਦੀਆਂ ਖੋਜਾਂ ਦੇ ਕੇਂਦਰ ਵਿੱਚ ਹਨ | ਇਸ ਤੋਂ ਪਹਿਲਾਂ, ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਟਿਕਾਊ ਖੇਤੀਬਾੜੀ ਵਿੱਚ ਯੂਨੀਵਰਸਿਟੀ ਦੀਆਂ ਪਹਿਲਕਦਮੀਆਂ ਅਤੇ ਉਨ•ਾਂ ਦੇ ਪ੍ਰਭਾਵਾਂ ਬਾਰੇ ਟੀਮ ਨੂੰ ਜਾਣਕਾਰੀ ਦਿੱਤੀ| ਉਨ•ਾਂ ਨੇ ਪਾਣੀ ਬਚਾਉਣ ਵਾਲੀਆਂ ਤਕਨੀਕਾਂ, ਥੋੜ•ੇ ਸਮੇਂ ਦੀਆਂ ਕਿਸਮਾਂ, ਜੀਨੋਮਿਕ-ਸਹਾਇਤਾ ਪ੍ਰਾਪਤ ਬਰੀਡਿੰਗ, ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਤਕਨੀਕਾਂ, ਸੰਯੁਕਤ ਪੌਸ਼ਟਿਕ ਤੱਤ ਪ੍ਰਬੰਧਨ, ਜੈਵਿਕ ਖਾਦਾਂ, ਸੰਯੁਕਤ ਕੀਟ ਪ੍ਰਬੰਧਨ ਰਣਨੀਤੀ ਅਤੇ ਵਿਸ਼ੇਸ਼ ਕਿਸਮਾਂ ਦਾ ਹਵਾਲਾ ਦਿੱਤਾ| ਉਨ•ਾਂ ਨੇ ਵਿਸੇਸ ਤੌਰ ’ਤੇ ਉੱਨਤ ਤਕਨੀਕਾਂ ਜਿਵੇਂ ਕਿ ਮਾਈਕ੍ਰੋਪ੍ਰੋਪੈਗੇਸਨ, ਟ੍ਰਾਂਸਕ੍ਰਿਪਟੌਮਿਕਸ, ਜੀਐਮ ਫਸਲਾਂ, ਨੈਨੋ ਖਾਦ ਆਦਿ ਦਾ ਜ਼ਿਕਰ ਕੀਤਾ|ਅਰਥ ਸਾਸਤਰ ਦੇ ਪ੍ਰੋਫੈਸਰ ਡਾ. ਕਮਲ ਵੱਤਾ ਨੇ 21ਵੀਂ ਸਦੀ ਵਿੱਚ ਪੰਜਾਬ ਦੀ ਖੇਤੀ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਬਦਲਵੇਂ ਫਸਲੀ ਪ੍ਰਬੰਧ ਦੀਆਂ ਚੁਣੌਤੀਆਂ ਜਿਵੇਂ ਘੱਟ ਮਿਹਨਤਾਨੇ, ਉਤਪਾਦਨ ਅਤੇ ਮੰਡੀਕਰਨ ਦੇ ਜੋਖਮ ਦੇ ਨਾਲ-ਨਾਲ ਕਮਜ਼ੋਰ ਮੁੱਲ/ਸਪਲਾਈ ਚੇਨਾਂ ਨੂੰ ਫਸਲੀ ਵਿਭਿੰਨਤਾ ਵਿੱਚ ਵੱਡੀਆਂ ਚੁਣੌਤੀਆਂ ਕਿਹਾ | ਉਨ•ਾਂ ਨੇ ਪੀਏਯੂ ਦੁਆਰਾ ਵਿਕਸਤ ਕੀਤੀ ਗਰਮੀ-ਸਹਿਣਸ਼ੀਲ ਕਣਕ ਦੀ ਕਿਸਮ ਪੀਬੀਡਬਲਯੂ 826 ਰਾਹੀਂ ਦੇਸ ਨੂੰ ਹੋਣ ਵਾਲੇ ਅਨੁਮਾਨਿਤ ਆਰਥਿਕ ਲਾਭ ਬਾਰੇ ਅੰਕੜੇ ਵੀ ਪੇਸ਼ ਕੀਤੇ| ਵਿਚਾਰ-ਚਰਚਾ ਦਾ ਸੰਚਾਲਨ ਡਾ. ਵਿਸਾਲ ਬੈਕਟਰ ਨੇ ਕੀਤਾ|