ਜ਼ਿਲ੍ਹੇ ਵਿੱਚ ਚਲਾਈ ਗਈ ਵਿਆਪਕ ਸਫ਼ਾਈ ਮੁਹਿੰਮ

  • ਪਿੰਡਾਂ, ਸ਼ਹਿਰਾਂ, ਸਕੂਲਾਂ ਵਿੱਚ ਆਲਾ-ਦੁਆਲਾ ਸਾਫ਼ ਰੱਖਣ ਦਾ ਦਿੱਤਾ ਸੁਨੇਹਾ
  • ਸਕੂਲੀ ਵਿਦਿਆਰਥੀਆਂ ਦੇ ਸਵੱਛਤਾ ਸਬੰਧੀ ਮੁਕਾਬਲੇ ਕਰਵਾਏ

ਬਰਨਾਲਾ, 1 ਅਕਤੂਬਰ : ਏਕ ਤਾਰੀਖ, ਏਕ ਘੰਟਾ, ਏਕ ਸਾਥ' ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ- ਨਿਰਦੇਸ਼ਾਂ ਤਹਿਤ ਜ਼ਿਲ੍ਹਾ ਬਰਨਾਲਾ ਦੇ ਪਿੰਡਾਂ, ਸ਼ਹਿਰਾਂ ਦੀਆਂ ਜਨਤਕ ਥਾਵਾਂ ਅਤੇ ਸਕੂਲਾਂ ਵਿੱਚ ਸਫ਼ਾਈ ਮੁਹਿੰਮ ਚਲਾਈ ਗਈ। ਇਸ ਵਿਆਪਕ ਮੁਹਿੰਮ ਰਾਹੀਂ ਲੋਕਾਂ ਨੂੰ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਦਾ ਹੋਕਾ ਦਿੱਤਾ ਗਿਆ। ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੇ ਦੱਸਿਆ ਕਿ 'ਏਕ ਤਾਰੀਖ, ਏਕ ਘੰਟਾ, ਏਕ ਸਾਥ' ਅਤੇ ‘ਸਵੱਛਤਾ ਹੀ ਸੇਵਾ ਹੈ’ ਤਹਿਤ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਰਾਹੀਂ ਪਿੰਡਾਂ ਵਿੱਚ ਸਵੱਛਤਾ ਪੰਦਰਵਾੜਾ ਚਲਾਇਆ ਗਿਆ, ਜਿਸ ਰਾਹੀਂ ਮਿਲੇ ਟੀਚੇ ਤਹਿਤ 122 ਪਿੰਡਾਂ ਵਿੱਚ 170 ਗਤੀਵਿਧੀਆਂ ਕੀਤੀਆਂ ਗਈਆਂ।  ਇਸ ਤੋਂ ਇਲਾਵਾ ਨਗਰ ਕੌਂਸਲਾਂ ਰਾਹੀਂ ਸ਼ਹਿਰਾਂ ਵਿੱਚ ਵੱਖ ਵੱਖ ਥਾਵਾਂ 'ਤੇ ਗਤੀਵਿਧੀਆਂ ਕਰਵਾ ਕੇ ਸਵੱਛਤਾ ਦਾ ਸੁਨੇਹਾ ਦਿੱਤਾ ਗਿਆ।  ਇਸੇ ਤਰ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਜਿੱਥੇ ਸਕੂਲਾਂ ਵਿੱਚ ਸਫ਼ਾਈ ਮੁਹਿੰਮ ਚਲਾਈ ਗਈ, ਓਥੇ ਵਿਦਿਆਰਥੀਆਂ ਦੇ ਵੱਖ ਵੱਖ ਮੁਕਾਬਲੇ ਵੀ ਕਰਵਾਏ ਗਏ।  ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਪਣੇ ਆਲੇ-ਦੁਆਲੇ ਦੀ ਸਫਾਈ ਰੱਖਣਾ ਸਾਡੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਹੈ, ਜਿਸ ਬਾਰੇ ਸਾਨੂੰ ਸਭ ਨੂੰ ਜਾਗਰੂਕ ਹੋਣ ਦੀ ਲੋੜ ਹੈ।