ਆਰਿਆ ਪ੍ਰੋਜੈਕਟ ਦੇ ਤਹਿਤ ਖੁੰਬਾਂ ਦੀ ਕਾਸ਼ਤ ਸੰਬੰਧੀ ਮੁਹਾਰਤ ਕੋਰਸ ਲਗਾਇਆ 

ਬਰਨਾਲਾ, 15 ਫਰਵਰੀ : ਗੁਰੁ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸ਼ਜ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ, ਬਰਨਾਲਾ ਵੱਲੋਂ ਇੱਕ ਹਫਤੇ ਦਾ ਖੁੰਬ ਉਤਪਾਦਕ ਮੁਹਾਰਤ ਕੋਰਸ ਡਾ. ਪ੍ਰਹਿਲਾਦ ਸਿੰਘ ਤੰਵਰ ਐਸੋਸੀਏਟ ਡਾਇਰੈਕਟਰ ਕੇ. ਵੀ. ਕੇ ਹੰਡਿਆਇਆ, ਬਰਨਾਲਾ ਦੀ ਅਗਵਾਈ ਹੇਠ ਲਗਾਇਆ ਗਿਆ। ਇਹ ਸਿਖ਼ਲਾਈ ਪ੍ਰੋਗਰਾਮ ਆਰਿਆ ਪ੍ਰੋਜੈਕਟ ਦੇ ਤਹਿਤ ਕਰਵਾਇਆ ਗਿਆ ਜਿਸ ਵਿੱਚ ਉਨ੍ਹਾਂ ਨੇ ਪੰਜਾਬ ਅਤੇ ਉਤਰੀ ਭਾਰਤ ਵਿੱਚ ਕਾਸ਼ਤ ਕੀਤੀ ਜਾਣ ਵਾਲੀਆਂ ਖੁੰਬਾਂ ਦੀਆਂ ਵੱਖ-ਵੱਖ ਕਿਸਮਾਂ ਦੀ ਜਾਣਕਾਰੀ ਦਿੱਤੀ। ਨਾਲ ਹੀ ਖੁੰਬਾਂ ਦੀ ਕਾਸ਼ਤ ਨਾਲ਼ ਸਵੈ-ਰੁਜ਼ਗਾਰ ਕਰਕੇ ਹੋਰ ਵੱਧ ਆਮਦਨ ਕਮਾਉਣ ਬਾਰੇ ਕਿਸਾਨਾਂ ਨੂੰ ਦੱਸਿਆ ਗਿਆ। ਇਸ ਸਿਖ਼ਲਾਈ ਦੌਰਾਨ ਡਾ. ਹਰਜੋਤ ਸਿੰਘ ਸੋਹੀ ਅਸਿਸਟੈਂਟ ਪ੍ਰੋਫੈਸਰ (ਬਾਗਬਾਨੀ) ਨੇ ਢੀਂਗਰੀ, ਬਟਨ, ਸਿਟਾਕੇ, ਪਰਾਲੀ, ਕੀੜਾ ਜੜੀ ਅਤੇ ਮਿਲਕੀ ਖੁੰਬ ਦੀ ਕਾਸ਼ਤ ਕਰਨ ਬਾਰੇ ਦੱਸਿਆ। ਨਾਲ ਹੀ ਖੁੰਬਾਂ ਵਿੱਚ ਪਾਏ ਜਾਣ ਵਾਲੇ ਪੋਸ਼ਣ ਅਤੇ ਚਿਕਿਤਸਕ ਪਦਾਰਥਾਂ ਜਿਵੇਂ ਕਿ ਸ਼ਟਾਕੇ ਦਾ ਕੈਂਸਰ ਰੋਗੀਆਂ ਲਈ, ਢੀਂਗਰੀ ਦਾ ਵਿਟਾਮਿਨ ਡੀ ਪੂਰਤੀ, ਕੀੜਾ ਜੜੀ ਦੀਆਂ ਕਈ ਅਨੇਕਾਂ ਦਵਾਈਆਂ ਵਿੱਚ ਵਰਤਣ ਬਾਰੇ ਦੱਸਿਆ। ਉਨ੍ਹਾਂ ਕਿਸਾਨਾਂ ਨੂੰ ਖੁੰਬ ਦਾ ਮੰਡੀਕਰਨ, ਖੁੰਬ ਦੇ ਰੱਖ-ਰਖਾਵ, ਖੁੰਬ ਉੱਤੇ ਵਾਤਾਵਰਣ ਦੇ ਪ੍ਰਭਾਵ ਅਤੇ ਖੁੰਬ ਕਿੱਤੇ ਨੂੰ ਘਰੇਲੂ ਪੱਧਰ ਤੇ ਅਪਣਾਉਣ ਬਾਰੇ ਦੱਸਿਆ।ਖੁੰਬ ਕਾਸ਼ਤ ਦੇ ਨਾਲ਼-ਨਾਲ਼ ਕਿਸਾਨਾਂ ਨੂੰ ਖੁੰਬ ਆਧਾਰਤ ਫ਼ਿਲਮਾਂ ਵੀ ਵਿਖਾਈਆਂ ਗਈਆਂ।