ਜ਼ਿਲ੍ਹਾ ਪ੍ਰਸ਼ਾਸਨ ਦੀ ਨਿਵੇਕਲੀ ਪਹਿਲਕਦਮੀ, ਹੁਣ ਪਿੰਡਾਂ 'ਚ ਸੀਵਰੇਜ ਦੀ ਸਮੱਸਿਆ ਦਾ ਹੋਵੇਗਾ ਸਥਾਈ ਹੱਲ

  • ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡਾਂ 'ਚ ਸੀਵਰੇਜ ਦੀ ਸਫ਼ਾਈ ਲਈ ਸਕਸ਼ਨ ਟੈਂਕ ਖਰੀਦਿਆਂ
  • ਸਕਸ਼ਨ ਟੈਂਕ ਨਾਲ ਪਿੰਡਾਂ 'ਚ ਸੀਵਰੇਜ ਦੀ ਸਮੱਸਿਆ ਦਾ ਹੋਵੇਗਾ ਹੱਲ : ਡਿਪਟੀ ਕਮਿਸ਼ਨਰ

ਪਟਿਆਲਾ, 6 ਜੁਲਾਈ : ਪਿੰਡਾਂ ਵਿੱਚ ਸੀਵਰੇਜ ਦੀ ਸਮੱਸਿਆ ਦੇ ਸਥਾਈ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕਸ਼ਨ ਟੈਂਕ ਦੀ ਖਰੀਦ ਕੀਤੀ ਗਈ ਹੈ, ਜੋ ਪਿੰਡਾਂ ਵਿੱਚ ਸੀਵਰੇਜ ਦੀ ਸਫ਼ਾਈ ਸਮੇਤ ਟੋਭੇ ਅਤੇ ਸੈਪਟਿਕ ਟੈਂਕਾਂ ਦੀ ਸਫ਼ਾਈ ਲਈ ਲਾਹੇਵੰਦ ਹੋਵੇਗਾ। ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਆਮ ਤੌਰ 'ਤੇ ਸੀਵਰੇਜ ਦੀ ਸਫ਼ਾਈ ਲਈ ਸ਼ਹਿਰਾਂ ਵਿੱਚ ਤਾਂ ਸਕਸ਼ਨ ਮਸ਼ੀਨਾਂ ਉਪਲਬਧ ਹੁੰਦੀਆਂ ਹਨ, ਪਰ ਪਿੰਡਾਂ ਵਿੱਚ ਮਸ਼ੀਨ ਦੀ ਉਪਲਬਧਤਾ ਨਾ ਹੋਣ ਕਾਰਨ ਸੀਵਰੇਜ ਦੇ ਬੰਦ ਹੋਣ ਦੀ ਸਮੱਸਿਆ ਬਣੀ ਰਹਿੰਦੀ ਸੀ, ਇਸ ਦੇ ਸਥਾਈ ਹੱਲ ਲਈ ਪਟਿਆਲਾ ਜ਼ਿਲ੍ਹੇ ਵਿੱਚ ਸਕਸ਼ਨ ਟੈਂਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖਰੇ ਤੌਰ 'ਤੇ ਲਿਆ ਗਿਆ ਹੈ ਜੋ ਪਿੰਡਾਂ ਵਿੱਚ ਸੀਵਰੇਜ ਦੀ ਸਮੱਸਿਆ ਦਾ ਹੱਲ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰਣਾਲੀ ਨਾਲ ਸੀਵਰ ਲਾਈਨਾਂ ਦੀ ਸਫ਼ਾਈ ਹੋਣ ਨਾਲ ਪਟਿਆਲਾ ਜ਼ਿਲ੍ਹੇ ਦੇ ਹਜ਼ਾਰ ਦੇ ਕਰੀਬ ਪਿੰਡਾਂ ਦੇ ਲੱਖਾਂ ਲੋਕਾਂ ਨੂੰ ਲਾਭ ਪੁੱਜੇਗਾ। ਇਸ ਮੌਕੇ ਐਕਸੀਅਨ ਪੰਚਾਇਤੀ ਰਾਜ ਗੁਰਮੀਤ ਸਿੰਘ ਨੇ ਦੱਸਿਆ ਕਿ ਸਕਸ਼ਨ ਟੈਂਕ ਜੋ ਕਿ ਟਰੈਕਟਰ ਨਾਲ ਚਲਾਇਆ ਜਾਵੇਗਾ, ਦੀ ਵਰਤੋਂ ਸੀਵਰੇਜ, ਛੱਪੜ, ਸਪੈਟਿਕ ਟੈਂਕ ਸਮੇਤ ਹੋਰ ਬਲਾਕ ਹੋਈਆਂ ਪਾਈਪਾਂ ਖੋਲਣ ਲਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਕਸ਼ਨ ਟੈਂਕ ਰਾਹੀਂ ਪਿੰਡਾਂ ਵਿੱਚ ਸੀਵਰੇਜ ਦੀ ਸਫ਼ਾਈ ਦਾ ਕੰਮ ਸ਼ੁਰੂ ਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਇਕ ਹੋਰ ਲਾਭ ਇਹ ਹੈ ਕਿ ਸਫ਼ਾਈ ਉਪਰੰਤ ਇਕੱਠਾ ਹੋਇਆ ਮਲਬਾ ਟੈਂਕ ਵਿੱਚ ਹੀ ਜਮ੍ਹਾਂ ਹੋਵੇਗਾ ਜਿਸ ਨਾਲ ਸਫ਼ਾਈ ਕਰਨ ਵਾਲੇ ਸਥਾਨ 'ਤੇ ਕੋਈ ਗੰਦਗੀ ਨਹੀਂ ਹੋਵੇਗੀ ਅਤੇ ਮਲਬੇ ਦਾ ਨਿਪਟਾਰਾ ਢੁਕਵੇ ਸਥਾਨ 'ਤੇ ਕੀਤਾ ਜਾਵੇਗਾ।