ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਤਰਜੀਹੀ ਆਧਾਰ ਉੱਤੇ ਪੂਰਾ ਕੀਤਾ ਜਾ ਰਿਹਾ ਹੈ : ਕੈਬਨਿਟ ਮੰਤਰੀ ਅਰੋੜਾ

  • ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਵਾਸੀਆਂ ਨੂੰ ਇੱਕ ਹੋਰ ਤੋਹਫ਼ਾ
  • ਅਣਥੱਕ ਯਤਨਾਂ ਸਦਕਾ ਸ਼ਹਿਰ ਦੇ ਅੰਦਰੂਨੀ ਹਿੱਸੇ ਵਿੱਚ ਰੇਲਵੇ ਦੀ ਜਗ੍ਹਾ 'ਤੇ ਦੋ ਸੜਕਾਂ ਨੂੰ ਚੌੜਾ ਕਰਨ ਲਈ ਰੇਲਵੇ ਵਿਭਾਗ ਤੋਂ ਲਈ ਪ੍ਰਵਾਨਗੀ
  • ਲੋਕਾਂ ਦੀ ਕਈ ਦਹਾਕਿਆਂ ਤੋਂ ਲਟਕਦੀ ਮੰਗ ਨੂੰ ਪੂਰਾ ਕਰਨ ਲਈ ਰੇਲਵੇ ਨੂੰ ਕਰੀਬ 76 ਲੱਖ ਰੁਪਏ ਦੀ ਅਦਾਇਗੀ ਕੀਤੀ 

ਸੁਨਾਮ, 11 ਜੁਲਾਈ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਤਰਜੀਹੀ ਆਧਾਰ ਉੱਤੇ ਪੂਰਾ ਕੀਤਾ ਜਾ ਰਿਹਾ ਹੈ ਅਤੇ ਇਸੇ ਦਿਸ਼ਾ ਵਿਚ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਵਾਸੀਆਂ ਦੀ ਕਈ ਦਹਾਕਿਆਂ ਤੋਂ ਲਟਕਦੀ ਆ ਰਹੀ ਇੱਕ ਹੋਰ ਮੰਗ ਨੂੰ ਪੂਰਾ ਕਰਦਿਆਂ ਸ਼ਹਿਰ ਵਾਸੀਆਂ ਨੂੰ ਅਹਿਮ ਤੋਹਫ਼ਾ ਦਿੱਤਾ ਗਿਆ ਹੈ। ਖੁਸ਼ਗਵਾਰ ਮਾਹੌਲ ਵਿੱਚ ਇਸ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਸੁਨਾਮ ਸ਼ਹਿਰ ਵਿੱਚ ਰਾਮ ਨਗਰ ਇੰਦਰਾ ਬਸਤੀ ਵਿਚ ਬ੍ਰਹਮਾਕੁਮਾਰੀ ਮੰਦਿਰ ਤੋਂ ਅੰਡਰ ਬ੍ਰਿਜ ਤੱਕ ਕਰੀਬ 2500 ਫੁੱਟ ਲੰਬੀ ਸੜਕ ਅਤੇ ਰੇਲਵੇ ਸਟੇਸ਼ਨ ਤੋਂ ਲੈ ਕੇ ਮਾਲ ਗੋਦਾਮ ਤੱਕ ਕਰੀਬ 850 ਲੰਬੀ ਸੜਕ ਨੂੰ 10-10 ਫੁੱਟ ਚੌੜਾ ਕਰਨ ਦੀ ਪ੍ਰਵਾਨਗੀ ਰੇਲਵੇ ਵਿਭਾਗ ਤੋਂ ਮਿਲ ਚੁੱਕੀ ਹੈ।  ਉਨ੍ਹਾਂ ਕਿਹਾ ਕਿ ਇਹ ਮਹੱਤਵਪੂਰਨ ਪ੍ਰੋਜੈਕਟ ਹੈ ਜੋ ਪਿਛਲੀਆਂ ਸਰਕਾਰਾਂ ਸਮੇਂ ਸਿਆਸਤਦਾਨਾਂ ਦੀ ਢਿੱਲ ਮੱਠ ਅਤੇ ਗੁੰਮਰਾਹਕੁੰਨ ਬਿਆਨਬਾਜੀ ਕਾਰਨ ਨੇਪਰੇ ਨਹੀਂ ਚੜ੍ਹ ਸਕਿਆ ਸੀ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਸੜਕਾਂ ਨੂੰ ਚੌੜਾ ਕਰਨ ਲਈ ਰੇਲਵੇ ਦੀ ਕੰਧ ਨੂੰ ਪਰ੍ਹੇ ਕਰਨ ਦੀ ਮੰਗ ਉੱਠ ਰਹੀ ਸੀ ਅਤੇ ਪਿਛਲੀਆਂ ਸਰਕਾਰਾਂ ਵੇਲੇ ਜਦੋਂ ਵੀ ਇਹ ਮੰਗ ਉੱਠਦੀ ਸੀ ਤਾਂ ਇਹ ਕਹਿ ਕੇ ਚੁੱਪ ਕਰਾ ਦਿੱਤਾ ਜਾਂਦਾ ਸੀ ਕਿ ਇਹ ਰੇਲਵੇ ਦੀ ਜਗ੍ਹਾ ਹੈ ਅਤੇ ਇਸ ਦਾ ਕੋਈ ਵੀ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕ ਵੀ ਸੁਣ ਸੁਣ ਕੇ ਇਹ ਗੱਲ ਮੰਨ ਚੁੱਕੇ ਸਨ ਕਿ ਰੇਲਵੇ ਦੀ ਜਗ੍ਹਾ ਹੋਣ ਕਰਕੇ ਇਸਦਾ ਕੁਝ ਨਹੀਂ ਹੋ ਸਕਦਾ ਪਰ ਮਾਨ ਸਰਕਾਰ ਦੀ ਅਗਵਾਈ ਹੇਠ ਲੋਕ ਭਲਾਈ ਦੀ ਨੇਕ ਨੀਅਤ ਸਦਕਾ ਅਸੀਂ ਪਿਛਲੇ ਇੱਕ ਸਾਲ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਇਸ ਪ੍ਰੋਜੈਕਟ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਹੈ। ਕੈਬਨਿਟ ਮੰਤਰੀ ਨੇ 'ਜਿਥੇ ਚਾਹ ਉਥੇ ਰਾਹ' ਵਾਲੀ ਕਹਾਵਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਈ ਵਾਰ ਅਸਫ਼ਲ ਹੋਣ ਤੋਂ ਬਾਅਦ ਵੀ ਅਸੀ ਪਿੱਛਾ ਨਹੀਂ ਛੱਡਿਆ ਜਿਸ ਸਦਕਾ ਹੁਣ ਰੇਲਵੇ ਵਿਭਾਗ ਤੋਂ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਮਿਲ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਤੱਕ ਤਕਰੀਬਨ 76 ਲੱਖ ਰੁਪਏ ਰੇਲਵੇ ਨੂੰ ਟਰਾਂਸਫਰ ਕੀਤੇ ਜਾ ਚੁੱਕੇ ਹਨ ਜਿਸ ਵਿੱਚ ਇੱਕ ਸੜਕ ਦੇ 45 ਲੱਖ 49 ਹਜ਼ਾਰ 501 ਰੁਪਏ ਅਤੇ ਦੂਜੀ ਸੜਕ ਦੇ 30 ਲੱਖ 43 ਹਜ਼ਾਰ 271 ਰੁਪਏ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਕਰੀਬ ਛੇ ਮਹੀਨਿਆਂ ਅੰਦਰ ਮੁਕੰਮਲ ਹੋਵੇਗਾ ਕਿਉਂਕਿ ਰੇਲਵੇ ਦੀਆਂ ਦੀਵਾਰਾਂ ਪਿੱਛੇ ਕਰਨ, ਸੀਵਰੇਜ, ਬਿਜਲੀ ਦੇ ਖੰਭਿਆਂ, ਗਲੀ ਚੌੜੀ ਕਰਨ ਸਮੇਤ ਕਈ ਕੰਮ ਕਰਵਾਏ ਜਾਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਖੇਤਰ ਦੇ ਆਲੇ ਦੁਆਲੇ ਸੰਘਣੀ ਬਹੁਤ ਆਬਾਦੀ ਵਸਦੀ ਹੈ ਤੇ ਗਲੀ ਭੀੜੀ ਹੋਣ ਕਰਕੇ ਟਰੈਫਿਕ ਦੀ ਸਮੱਸਿਆ ਵੀ ਕਈ ਵਾਰ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ ਜਿਸ ਸਮੱਸਿਆ ਦਾ ਸਥਾਈ ਹੱਲ ਕਰਨ ਲਈ ਹੀ ਅਸੀਂ ਇਸ ਮੰਗ ਨੂੰ ਪੂਰਾ ਕਰਨ ਲਈ ਦ੍ਰਿੜ ਇਰਾਦੇ ਨਾਲ ਜੁਟੇ ਹੋਏ ਹਾਂ। ਉਨ੍ਹਾਂ ਆਪਣੀ ਮਿਹਨਤੀ ਟੀਮ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਰੇਲਵੇ ਵਿਭਾਗ ਨਾਲ ਰਾਬਤਾ ਕਾਇਮ ਕਰਨ ਵਿੱਚ ਐਸਡੀਐਮ ਜਸਪ੍ਰੀਤ ਸਿੰਘ, ਪ੍ਰਧਾਨ ਨਗਰ ਕੌਂਸਲ ਨਿਸ਼ਾਨ ਸਿੰਘ ਟੋਨੀ, ਈਓ ਅੰਮ੍ਰਿਤ ਲਾਲ, ਯਾਦਵਿੰਦਰ ਨਿਰਮਾਣ, ਜਤਿੰਦਰ ਜੈਨ ਅਤੇ ਸਮੂਹ ਕੌਂਸਲਰਾਂ ਦਾ ਅਹਿਮ ਯੋਗਦਾਨ ਰਿਹਾ ਹੈ।