ਮੋਹਾਲੀ ਦੇ ਈ.ਐੱਸ.ਆਈ. ਹਸਪਤਾਲ ਦੀ ਹੋਵੇਗੀ ਕਾਇਆ ਕਲਪ: ਆਸ਼ਿਕਾ ਜੈਨ

  • ਡੇਰਾਬਸੀ ਵਿਖੇ ਵੀ ਈ.ਐੱਸ.ਆਈ. ਹਸਪਤਾਲ ਬਣਾਉਣ ਲਈ ਕਾਰਵਾਈ ਜ਼ੋਰਾਂ ‘ਤੇ

ਐੱਸ.ਏ.ਐੱਸ. ਨਗਰ, 31 ਅਕਤੂਬਰ : ਮੋਹਾਲੀ ਇੰਡਸਟਰੀਅਲ ਐਸੋਸੀਏਸ਼ਨ ਵੱਲੋਂ ਇੱਥੇ ਆਪਣੇ ਦਫ਼ਤਰ ਵਿਖੇ ਈ.ਐੱਸ.ਆਈ. ਹਸਪਤਾਲ ਸਬੰਧੀ ਕਰਵਾਏ ਇੰਟਰ-ਐਕਟਿਵ ਸੈਸ਼ਨ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਡਿਪਟੀ ਕਮਿਸ਼ਨਰ, ਸ਼੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਮੋਹਾਲੀ ਦੇ ਈ.ਐੱਸ.ਆਈ. ਹਸਪਤਾਲ ਦੀ ਕਾਇਆ ਕਲਪ ਕੀਤੀ ਜਾਵੇਗੀ। ਇਸੇ ਹਫਤੇ ਆਡਿਟ ਕਰਵਾ ਕੇ ਇਸ ਸਬੰਧੀ ਐਸਟੀਮੇਟ ਤਿਆਰ ਕਰਵਾਉਣ ਉਪਰੰਤ ਅਗਲੇਰੀ ਕਾਰਵਾਈ ਆਰੰਭ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡੇਰਾਬਸੀ – ਬਰਵਾਲਾ ਸੜਕ ਦੇ ਨਵੀਨੀਕਰਨ ਸਬੰਧੀ ਟੈਂਡਰ ਪ੍ਰਕਿਰਿਆ ਆਖਰੀ ਪੜਾਅ ਉੱਤੇ ਹੈ ਅਤੇ ਜਲਦ ਹੀ ਲੋਕਾਂ ਨੂੰ ਇਸ ਸੜਕ ਸਬੰਧੀ ਦਿੱਕਤਾਂ ਤੋਂ ਨਿਜਾਤ ਮਿਲ ਜਾਵੇਗੀ। ਸਰਕਾਰ ਸਨਅਤਕਾਰ ਮਿਲਣੀ ਦੇ ਫੈਸਲਿਆਂ ਬਾਰੇ ਉਹਨਾਂ ਕਿਹਾ ਕਿ ਡੇਰਾਬਸੀ ਵਿਖੇ ਬਣਨ ਵਾਲੇ ਈ.ਐੱਸ.ਆਈ ਹਸਪਤਾਲ ਸਬੰਧੀ ਕਮੇਟੀ ਬਣਾ ਦਿੱਤੀ ਗਈ ਸੀ ਤੇ ਥਾਂ ਦੀ ਚੋਣ ਸਬੰਧੀ ਮੀਟਿੰਗਾਂ ਉਪਰੰਤ, ਇਕ ਥਾਂ ਤੈਅ ਕਰ ਲਈ ਗਈ ਹੈ। ਬਹੁਤ ਜਲਦ ਇਹ ਪ੍ਰੋਜੈਕਟ ਸ਼ੁਰੂ ਹੋ ਜਾਵੇਗਾ। ਸ਼੍ਰੀਮਤੀ ਜੈਨ ਨੇ ਦੱਸਿਆ ਕਿ ਸਰਕਾਰ ਸਨਅਤਕਾਰ ਮਿਲਣੀ ਵੇਲੇ ਹੋਏ ਸਾਰੇ ਐਲਾਨਾਂ ਦਾ ਫਾਲੋ-ਅਪ ਕੀਤਾ ਜਾ ਰਿਹਾ ਹੈ। ਉਹਨਾਂ ਭਰੋਸਾ ਦਿੱਤਾ ਕਿ ਜਿਹੜੇ ਪ੍ਰੋਜੈਕਟ ਜਾਂ ਪ੍ਰਸਤਾਵਿਤ ਪਾਈਪ ਲਾਈਨ ਵਿਚ ਹਨ, ਉਹਨਾਂ ਨੂੰ ਤੇਜ਼ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜ਼ਿਲ੍ਹੇ ਵਿਚ ਸਨਅਤ ਵੱਡੇ ਪੱਧਰ ਉੱਤੇ ਵਿਕਸਤ ਹੋ ਰਹੀ ਹੈ ਤੇ ਸਰਕਾਰ ਇਸ ਸਬੰਧੀ ਹਰ ਲੋੜੀਂਦੀ ਸਹੂਲਤ ਦੇਣ ਲਈ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਖੇਤਰ ਦੇ ਸੁਧਾਰ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਇਸ ਤਹਿਤ ਵੱਡੇ ਪੱਧਰ ਉੱਤੇ ਆਮ ਆਦਮੀ ਕਲੀਨਿਕ ਬਣਾਏ ਜਾ ਰਹੇ ਹਨ ਤੇ ਜ਼ਿਲ੍ਹੇ ਵਿਚਲੇ ਹਸਪਤਾਲਾਂ ਉੱਤੇ ਕਰੋੜਾਂ ਰੁਪਏ ਖ਼ਰਚ ਕੇ ਉਹਨਾਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ। ਆਮ ਆਦਮੀ ਕਲੀਨਿਕਾਂ ਵਿਚ ਵੱਡੀ ਗਿਣਤੀ ਟੈਸਟਾਂ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦਾ ਲਾਭ ਸਨਅਤੀ ਕਾਮੇ ਵੱਡੇ ਪੱਧਰ ਉੱਤੇ ਲੈ ਸਕਦੇ ਹਨ। ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਵਰਕਰਾਂ ਨੂੰ ਲਾਭ ਦੇਣ ਲਈ ਕਾਰਡ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਯੋਜਨਾ ਤਹਿਤ ਕਾਮੇ ਕਿਸੇ ਵੀ ਇੰਪੈਨਲਡ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਵਿਚ ਮੁਫ਼ਤ ਇਲਾਜ ਦੀ ਸਹੂਲਤ ਹਾਸਲ ਕਰ ਸਕਦੇ ਹਨ। ਸ਼੍ਰੀਮਤੀ ਜੈਨ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇੱਕ ਨਵਾਂ ਉਪਰਾਲਾ ਕੀਤਾ ਜਾ ਰਿਹਾ, ਜਿਸ ਤਹਿਤ ਸੈਕਟਰ ਸਪੈਸੇਫ਼ਿਕ ਕੌਂਸਲ (ਮਸ਼ਵਰਾ ਕਮੇਟੀਆਂ) ਬਣਾਏ ਜਾ ਰਹੇ ਹਨ, ਇਹਨਾਂ ਵਿਚ ਸਨਅਤਕਾਰ ਅਹਿਮ ਹਿੱਸਾ ਹਨ ਤੇ ਉਹਨਾਂ ਦੇ ਸੁਝਾਵਾਂ ਨਾਲ ਸੁਚੱਜੇ ਢੰਗ ਨਾਲ ਅੱਗੇ ਵਧਿਆ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਵੱਲੋਂ ਮੋਹਾਲੀ ਇੰਡਸਟਰੀਅਲ ਐਸੋਸੀਏਸ਼ਨ ਦੀ ਇਹ ਇੰਟਰ-ਐਕਟਿਵ ਸੈਸ਼ਨ ਕਰਵਾਉਣ ਲਈ ਸ਼ਲਾਘਾ ਕੀਤੀ ਗਈ। ਇਸ ਮੌਕੇ ਪੰਕਜ ਵੋਹਰਾ, ਡਿਪਟੀ ਡਾਇਰੈਕਟਰ, ਈ.ਐੱਸ.ਆਈ. ਹਸਪਤਾਲ ਨੇ ਕਿਹਾ ਕਿ ਈ.ਐੱਸ.ਆਈ. ਹਸਪਤਾਲ ਸਬੰਧੀ ਦਿੱਕਤਾਂ ਦੂਰ ਕੀਤੀਆਂ ਜਾਣਗੀਆਂ ਤੇ ਡੇਰਾਬਸੀ ਵਾਲਾ ਹਸਪਤਾਲ ਮਿਸਾਲੀ ਬਣਾਇਆ ਜਾਵੇਗਾ। ਮੋਹਾਲੀ ਇੰਡਸਟਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸਿੰਘ ਨੇ ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਜਸਬੀਰ ਸਿੰਘ, ਚੇਅਰਮੈਨ ਲੇਬਰ ਲਾਅ ਕਮੇਟੀ ਨੇ ਈ. ਐੱਸ.ਆਈ. ਹਸਪਤਾਲ ਸਬੰਧੀ ਦਿੱਕਤਾਂ ਬਾਰੇ ਦੱਸਿਆ ਤੇ ਇਹਨਾਂ ਨੂੰ ਦੂਰ ਕਰਨ ਦੀ ਅਪੀਲ ਕੀਤੀ। ਉਹਨਾਂ ਦੱਸਿਆ ਕਿ ਇਹ ਹਸਪਤਾਲ ਦੋ ਵਜੇ ਬੰਦ ਹੋ ਜਾਂਦਾ ਹੈ ਪਰ ਕੁਝ ਡਾਕਟਰ 24 ਘੰਟੇ ਹੋਣੇ ਚਾਹੀਦੇ ਹਨ। ਉਹਨਾਂ ਨੇ ਮੈਡੀਕਲ ਬਿੱਲਜ਼ ਦੀ ਅਦਾਇਗੀ ਵਿਚ ਜ਼ਿਆਦਾ ਸਮਾਂ ਲੱਗਣ ਦਾ ਮਸਲਾ ਵੀ ਚੁੱਕਿਆ। ਇਸ ਮੌਕੇ ਐੱਸ. ਡੀ.ਐਮ. ਮੋਹਾਲੀ ਚੰਦਰ ਜੋਤੀ ਸਿੰਘ, ਜੀ.ਐਮ.ਡੀ.ਆਈ.ਸੀ. ਅਰਸ਼ਜੀਤ ਸਿੰਘ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਵੱਡੀ ਗਿਣਤੀ ਸਨਅਤਕਾਰ ਹਾਜ਼ਰ ਸਨ।