ਸੂਬੇ ਵਿਚ ਸਥਾਨਕ ਸਰਕਾਰ ਤੇ ਕੇਂਦਰ ਸਰਕਾਰ ਰਲਕੇ ਬਣਾ ਰਹੀਆਂ ਡਰ ਦਾ ਮਾਹੌਲ : ਫੂਲ਼

ਰਾਮਪੁਰਾ ਫੂਲ਼, 23 ਮਾਰਚ : ਸੂਬੇ ਚ ਪਿਛਲੇ ਕੁਝ ਦਿਨਾਂ ਤੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਮਸਲੇ ਨੂੰ ਲੈਕੇ ਪੰਜਾਬ ਚ ਨੌਜਵਾਨਾਂ ਦੀ ਫੜੋ ਫੜਾਈ ਕਰਕੇ ਪੈਦਾ ਹੋ ਰਹੇ ਦਹਿਸ਼ਤ ਦੇ ਮਾਹੌਲ ਦੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਨੇ ਸਖ਼ਤ ਸ਼ਬਦਾਂ ਚ ਨਿਖੇਧੀ ਕੀਤੀ ਹੈ। ਇਸ ਮੌਕੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੂਬੇ ਚ ਪੈਦਾ ਹੋਏ ਹਾਲਾਤਾਂ ਬਾਰੇ ਚਿੰਤਾ ਪ੍ਰਗਟ ਕਰਦੇ ਹੋਏ ਜਥੇਬੰਦੀ ਦੇ ਚੇਅਰਮੈਨ ਸੁਰਜੀਤ ਸਿੰਘ ਫੂਲ਼ ਅਤੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਨੇ ਕਿਹਾ ਕਿ ਦੇਸ਼ ਅੰਦਰ ਹਰ ਵਿਰੋਧ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਹੋ ਰਿਹਾ ਹੈ ਜਿਵੇਂ ਕਿ ਸਿਆਸੀ ਵਿਰੋਧੀਆਂ, ਧਾਰਮਿਕ ਘੱਟ ਗਿਣਤੀਆਂ, ਵੱਖੋ ਵੱਖਰੀਆਂ ਕੌਮਾਂ, ਕੌਮਨਿਸਟ ਤੇ ਦਲਿਤਾਂ ਨੂੰ ਯੋਜਨਾ ਬੰਦ ਢੰਗ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਜੋ ਓਹ ਆਪਣੇ ਹੱਕਾਂ ਲਈ ਲੜਾਈ ਨਾ ਲੜ ਸਕਣ। ਆਗੂਆਂ ਕਿਹਾ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂਆਂ ਤੇ ਕਾਰਕੁੰਨਾ ਤੇ ਕੀਤੀ ਜਾ ਰਹੀ ਕਾਰਵਾਈ ਫਾਸ਼ੀਵਾਦੀ ਮੋਦੀ ਹਕੂਮਤ ਦੇ ਸਾਰੇ ਭਾਰਤ ਪੱਧਰ ਤੇ ਏਜੰਡੇ ਦੇ ਅੰਗ ਵਜੋਂ ਕੀਤਾ ਗਿਆ ਜਬਰ ਹੈ ਤਾਂ ਜੋ ਪੰਜਾਬ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਕਰਕੇ ਲੋਕਾਂ ਦੀ ਆਵਾਜ ਨੂੰ ਦਬਾਇਆ ਜਾ ਸਕੇ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕੇਂਦਰੀ ਏਜੰਡੇ ਨੂੰ ਲਾਗੂ ਕਰਦਿਆਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੱਕਾਂ ਲਈ ਲੜ ਰਹੇ ਪੰਜਾਬੀਆਂ ਨੂੰ ਅੰਮ੍ਰਿਤਪਾਲ ਮਸਲੇ ਦੇ ਬਹਾਨੇ ਦਹਿਸ਼ਤ ਪੈਦਾ ਕਰਨਾ ਚਾਹੁੰਦੀ ਹੈ ਤੇ ਓਹਨਾ ਉਪਰ ਵੱਖੋ ਵੱਖ ਐਕਟਾਂ ਤੇ ਧਾਰਾਵਾਂ ਰਾਹੀਂ ਜੇਲਾਂ ਚ ਬੰਦ ਕਰ ਰਹੀ ਹੈ ਤੇ ਏਹ ਕੋਈ ਹੁਣ ਪਹਿਲੀ ਵਾਰ ਨਹੀਂ ਵਾਪਰਿਆ ਬਲਕਿ ਪਹਿਲਾਂ ਤੋਂ ਵੀ ਕਈ ਵਾਰ ਹੁੰਦਾ ਆਇਆ ਹੈ।