ਇੰਜ: ਜਗਦੇਵ ਸਿੰਘ ਹਾਂਸ ਕੇਂਦਰੀ ਜੋਨ ਲੁਧਿਆਣਾ ਦੇ ਚੀਫ਼ ਇੰਜਨੀਅਰ ਤੈਨਾਤ

  • ਅਹੁਦਾ ਸੰਭਾਲਦਿਆਂ ਹੀ ਲੋਕਾਂ ਨੂੰ ਬਿਹਤਰ ਬਿਜਲੀ ਸਪਲਾਈ ਦੇਣ ਲਈ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼

ਲੁਧਿਆਣਾ, 6 ਜੁਲਾਈ 2024 : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਇੰਜ:ਜਗਦੇਵ ਸਿੰਘ ਹਾਂਸ ਨੂੰ ਪੰਜਾਬ ਦੇ ਬਹੁਤ ਹੀ ਮਹੱਤਵਪੂਰਨ ਅਹੁਦੇ ਕੇਂਦਰੀ ਜੋਨ ਲੁਧਿਆਣਾ ਦੇ ਚੀਫ਼ ਇੰਜਨੀਅਰ ਵੱਜੋਂ ਤੈਨਾਤ ਕੀਤਾ ਗਿਆ ਹੈ, ਜਿੱਥੇ ਉਹਨਾਂ ਨੇ ਕੇਂਦਰੀ ਜੋਨ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਆਪਣਾ ਆਹੁਦਾ ਸੰਭਾਲ ਲਿਆ ਹੈ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਾਂਸ ਕਲਾਂ ਦੇ ਜੰਮਪਲ ਇੰਜ:ਹਾਂਸ ਇਸ ਤੋਂ ਪਹਿਲਾਂ ਚੀਫ ਇੰਜਨੀਅਰ, ਸਾਊਥ ਜ਼ੋਨ ਪਟਿਆਲਾ ਵਿਖੇ ਤੈਨਾਤ ਸਨ। ਪਿੰਡ ਹਾਂਸ ਕਲਾਂ ਵਿਖੇ 5 ਜਨਵਰੀ 1969 ਨੂੰ ਜਨਮਂੇ ਇੰਜ:ਜਗਦੇਵ ਸਿੰਘ ਹਾਂਸ ਨੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਲੁਧਿਆਣਾ ਤੋਂ ਇਲੈਕਟ੍ਰੀਕਲ ਇੰਜਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਸੀ ਅਤੇ 1991 ਵਿੱਚ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਬਤੌਰ ਐਸ.ਡੀ.ਓ. ਆਪਣੀਆਂ ਸੇਵਾਵਾਂ ਨਿਭਾਉਣੀਆਂ ਸ਼ੁਰੂ ਕੀਤੀਆਂ ਸਨ। ਉਹਨਾਂ ਕੋਲ ਬਿਜਲੀ ਵਿਭਾਗ ਦੇ ਵੱਖ-ਵੱਖ ਆਹੁਦਿਆਂ ਉਪਰ ਅਹਿਮ ਸੇਵਾਵਾਂ ਨਿਭਾਉਣ ਦਾ ਲਗਭਗ 32 ਸਾਲ ਤੋਂ ਵੱਧ ਦਾ ਤਜ਼ਰਬਾ ਹੈ। ਕੇਂਦਰੀ ਜੋਨ ਲੁਧਿਆਣਾ ਵਿਖੇ ਆਪਣਾ ਆਹੁਦਾ ਸੰਭਾਦਿਆਂ ਇੰਜ: ਜਗਦੇਵ ਸਿੰਘ ਹਾਂਸ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਇੰਜ:ਬਲਦੇਵ ਸਿੰਘ ਸਰਾਂ ਅਤੇ ਡਾਇਰੈਕਟਰ ਵੰਡ ਇੰਜ:ਡੀ.ਪੀ.ਐਸ.ਗਰੇਵਾਲ ਦਾ ਧੰਨਵਾਦ ਕਰਦਿਆਂ ਉਹਨਾਂ ਭਰੋਸਾ ਦਿਵਾਇਆ ਕਿ ਉਹ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ.ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਪੂਰੀ ਇਮਾਨਦਾਰੀ, ਦ੍ਰਿੜ ਲਗਨ ਅਤੇ ਮਿਹਨਤ ਨਾਲ ਲੋਕ ਹਿੱਤਾਂ ਲਈ ਕੰਮ ਕਰਨਗੇ ਅਤੇ ਪੰਜਾਬ ਸਰਕਾਰ ਦੀਆਂ ਉਮੀਦਾਂ ਉਪਰ ਖਰਾ ਉਤਰਨਗੇ। ਇਸ ਮੌਕੇ ਉਹਨਾਂ ਕੇਂਦਰੀ ਜੋਨ ਲੁਧਿਆਣਾ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ 'ਤੇ ਹੱਲ ਕਰਨ ਲਈ ਸਖ਼ਤ ਨਿਰਦੇਸ਼ ਦਿੱਤੇ।