ਦੇਸ਼ ਦੇ ਉੱਘੇ ਜੰਗਲਾਤ ਮਾਹਿਰ ਨੇ ਪੀ ਏ ਯੂ ਦੇ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਦਾ ਦੌਰਾ ਕੀਤਾ

ਲੁਧਿਆਣਾ, 21 ਮਾਰਚ : ਡਾ. ਪਰਵਿੰਦਰ ਕੌਸ਼ਲ, ਵੀਸੀ ਐਸਜੀ, ਬਾਗਬਾਨੀ ਅਤੇ ਜੰਗਲਾਤ ਯੂਨੀਵਰਸਿਟੀ, ਭਰਸਰ, ਉੱਤਰਾਖੰਡ ਦੇ ਵਾਈਸ ਚਾਂਸਲਰ ਨੇ ਬੀਤੇ ਦਿਨੀਂ  ਪੀ ਏ ਯੂ ਦੇ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਦਾ ਦੌਰਾ ਕੀਤਾ। ਉਹ ਇਸ ਵਿਭਾਗ ਦੇ ਸਾਬਕਾ ਵਿਦਿਆਰਥੀ ਹਨ ਅਤੇ 1981 ਤੋਂ ਸਹਾਇਕ ਪ੍ਰੋਫੈਸਰ (ਜੰਗਲਾਤ) ਵਜੋਂ ਸੇਵਾ ਨਿਭਾ ਚੁੱਕੇ ਹਨ। ਇਸ ਤੋਂ ਪਹਿਲਾਂ, ਡਾ. ਕੌਸ਼ਲ ਨੇ ਡਾ: ਵਾਈਐਸ ਪਰਮਾਰ ਯੂਨੀਵਰਸਿਟੀ ਆਫ਼ ਹਾਰਟੀਕਲਚਰ ਐਂਡ ਫੋਰੈਸਟਰੀ, ਨੌਨੰਦ ਬਿਰਸਾ ਐਗਰੀਕਲਚਰਲ ਯੂਨੀਵਰਸਿਟੀ, ਰਾਂਚੀ, ਝਾਰਖੰਡ ਵਿੱਚ ਵਾਈਸ ਚਾਂਸਲਰ ਵਜੋਂ ਵੀ ਕੰਮ ਕੀਤਾ ਹੈ। ਡਾ. ਕੌਸ਼ਲ ਨੇ ਜੰਗਲਾਤ ਅਤੇ ਐਗਰੋਫੋਰੈਸਟਰੀ ਖੋਜ ਦੇ ਖੇਤਰਾਂ ਨੂੰ ਅੱਗੇ ਵਧਾਉਣ ਲਈ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਡੂੰਘੀ ਦਿਲਚਸਪੀ ਦਿਖਾਈ। ਉਨ੍ਹਾਂ ਪੰਜਾਬ ਵਿੱਚ ਖੇਤੀ ਜੰਗਲਾਤ ਦੇ ਖੇਤਰ ਵਿੱਚ ਵਿਕਾਸ ਅਤੇ ਵਾਤਾਵਰਣ ਸੰਬੰਧੀ ਖੋਜ ਸ਼ੁਰੂ ਕਰਨ ਦੀ ਸਿਫਾਰਸ਼ ਕੀਤੀ। ਵਿਭਾਗ ਨੂੰ ਤਰੱਕੀ ਵੱਲ ਲਿਜਾਣ ਅਤੇ ਨੌਜਵਾਨਾਂ ਨੂੰ ਪ੍ਰੇਰਿਤ ਕਾਰਨ ਲਈ ਫੈਕਲਟੀ ਮੈਂਬਰਾਂ ਨੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ ਗਈ। ਇਸ ਵਿਚ ਐੱਮ ਐੱਸ ਸੀ ਜੰਗਲਾਤ ਦੇ ਵਿਦਿਆਰਥੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੰਗਲਾਤ ਦੇ ਵਿਦਿਆਰਥੀਆਂ ਕੋਲ ਖੋਜ, ਅਧਿਆਪਨ ਅਤੇ ਪ੍ਰਸ਼ਾਸਨਿਕ ਖੇਤਰਾਂ ਵਿੱਚ ਹੋਰ ਬਹੁਤ ਸਾਰੇ ਮੌਕੇ ਹਨ। ਇਸ ਤੋਂ ਪਹਿਲਾਂ ਵਿਭਾਗ ਦੇ ਮੁਖੀ ਡਾ. ਗੁਰਵਿੰਦਰਪਾਲ ਸਿੰਘ ਢਿੱਲੋਂ ਨੇ ਡਾ: ਕੌਸ਼ਲ ਦਾ ਨਿੱਘਾ ਸਵਾਗਤ ਕੀਤਾ। ਡਾ ਰਿਸ਼ੀ ਇੰਦਰਾ ਸਿੰਘ ਗਿੱਲ ਨੇ ਫੈਕਲਟੀ ਦੇ ਸਾਥੀਆਂ ਦੇ ਨਾਲ ਡਾ. ਕੌਸ਼ਲ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਅਤੇ ਵਿਭਾਗ ਦਾ ਦੌਰਾ ਕਰਨ ਲਈ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢਣ ਲਈ ਧੰਨਵਾਦ ਪ੍ਰਗਟ ਕੀਤਾ। ਡਾ. ਕੌਸ਼ਲ ਅਤੇ ਫੈਕਲਟੀ ਮੈਂਬਰਾਂ ਨੇ ਇਸ ਸਾਂਝ ਨੂੰ ਯਾਦਗਾਰੀ ਬਣਾਉਣ ਲਈ ਫੋਟੋ ਕਰਵਾਈ।