ਚੋਣ ਕਮਿਸ਼ਨ ਵੱਲੋਂ ਦੇਸ਼ ਦੀ ਆਜ਼ਾਦੀ ਨੂੰ ਸਮਰਪਿਤ ਆਨ ਲਾਇਨ ਕੁਇਜ਼ ਮੁਕਾਬਲਾ 15 ਅਗਸਤ ਨੂੰ ਕਰਵਾਇਆ ਜਾਵੇਗਾ : ਪਰਨੀਤ ਸ਼ੇਰਗਿੱਲ

ਫ਼ਤਹਿਗੜ੍ਹ ਸਾਹਿਬ, 09 ਅਗਸਤ : ਭਾਰਤ ਦੇ ਚੋਣ ਕਮਿਸ਼ਨ ਵੱਲੋਂ 15 ਅਗਸਤ ਨੂੰ ਦੁਪਿਹਰ 12:00 ਵਜੇ ਦੇਸ਼ ਦੀ ਆਜ਼ਾਦੀ ਨੂੰ ਸਮਰਪਿਤ ਆਨਲਾਇਨ ਕੁਇਜ਼ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਭਾਰਤ ਦੀ ਆਜ਼ਾਦੀ, ਭਾਰਤ ਦੇ ਸੰਵਿਧਾਨ ਅਤੇ ਭਾਰਤ ਦੇ ਚੋਣ ਕਮਿਸ਼ਨ ਨਾਲ ਸਬੰਧਤ ਸਵਾਲ ਪੁੱਛੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਇਸ ਮੁਕਾਬਲੇ ਦੇ ਜੇਤੂਆਂ ਨੂੰ 1500/-ਰੁਪਏ, 1200/-ਰੁਪਏ ਅਤੇ 1000/-ਰੁਪਏ ਦਾ ਇਨਾਮ ਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਤ ਕੀਤਾ ਜਾਵੇਗਾ। ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਕੁਇਜ਼ ਮੁਕਾਬਲੇ ਵਿੱਚ ਭਾਗ ਲੈਣ ਲਈ 30 ਮਿੰਟ ਵਿੱਚ 50 ਸਵਾਲਾਂ ਦਾ ਜਵਾਬ ਦੇਣਾ ਹੋਵੇਗਾ। ਕੁਇਜ਼ ਮੁਕਾਬਲੇ ਦਾ ਲਿੰਕ 15 ਅਗਸਤ ਨੂੰ ਫੇਸਬੁੱਕ ਤੇ ਟਵਿਟਰ ਤੇ ਸਵੇਰੇ 11:50 ਵਜੇ ਸਾਂਝਾ ਕੀਤਾ ਜਾਵੇਗਾ। ਕੁਇਜ਼ ਨਿਰਧਾਰਤ ਸਮੇਂ ਅੰਦਰ ਹੀ ਪੂਰਾ ਕਰਨਾ ਹੋਵੇਗਾ ਅਤੇ 30 ਮਿੰਟ ਤੋਂ ਬਾਅਦ ਕੁਇਜ਼ ਜਮ੍ਹਾਂ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਇੱਕ ਤੋਂ ਵੱਧ ਪ੍ਰਤੀਯੋਗੀਆਂ ਦੇ ਨੰਬਰ ਬਰਾਬਰ ਆਉਂਦੇ ਹਨ ਤਾਂ ਜੇਤੂਆਂ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਵੇਗੀ। ਉਨ੍ਹਾਂ ਜ਼ਿਲ੍ਹੇ ਦੇ ਨਾਗਰਿਕਾਂ ਨੁੰ ਅਪੀਲ ਕੀਤੀ ਕਿ ਇਸ ਆਨਲਾਇਨ ਕੁਇਜ਼ ਮੁਕਾਬਲੇ ਵਿੱਚ ਵੱਧ ਚੜ੍ਹ ਕੇ ਭਾਗ ਲਿਆ ਜਾਵੇ।