ਕਿਸਾਨ ਮੋਰਚੇ ਦੇ ਸੱਦੇ ਤੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਦੇ ਫੂਕੇ ਜਾਣਗੇ ਪੁਤਲੇ : ਮਨਜੀਤ ਧਨੇਰ

ਬਰਨਾਲਾ, 17 ਮਈ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਪਿਛਲੇ ਦਿਨੀਂ ਡਾਕਟਰ ਨਵਸ਼ਰਨ ਨੂੰ ਪੀਐੱਮਐੱਲਏ ਐਕਟ ਤਹਿਤ ਈਡੀ ਵੱਲੋਂ ਸੰਮਨ ਕਰ ਕੇ ਪੁੱਛ ਪੜਤਾਲ ਕਰਨ ਦਾ ਸਖ਼ਤ ਨੋਟਿਸ ਲਿਆ ਹੈ। ਦੱਸਣਯੋਗ ਹੈ ਕਿ ਡਾਕਟਰ ਨਵਸ਼ਰਨ, ਮਰਹੂਮ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਉਰਫ ਭਾਈ ਮੰਨਾ ਸਿੰਘ ਦੀ ਬੇਟੀ ਹੈ। ਉਹ ਲੱਗਭੱਗ ਪੱਚੀ ਤੀਹ ਸਾਲਾਂ ਤੋਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਰਗਰਮ ਭੂਮਿਕਾ ਨਿਭਾ ਰਹੀ ਹੈ। ਦਿੱਲੀ ਬਾਰਡਰਾਂ ਵਿਖੇ ਚੱਲੇ ਇਤਿਹਾਸਕ ਕਿਸਾਨ ਘੋਲ ਦੌਰਾਨ ਵੀ ਡਾਕਟਰ ਨਵਸ਼ਰਨ, ਸਿੰਘੂ ਅਤੇ ਟਿੱਕਰੀ ਬਾਰਡਰ ਤੇ ਲਗਾਤਾਰ ਹਾਜ਼ਰ ਰਹੀ ਅਤੇ ਕਿਸਾਨ ਘੋਲ ਦੀ ਡਟਵੀਂ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਹੁਣ ਕੇਂਦਰ ਸਰਕਾਰ, ਈਡੀ ਰਾਹੀਂ ਉਸ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। 10 ਮਈ ਨੂੰ ਈਡੀ ਨੇ ਉਸ ਨੂੰ ਆਪਣੇ ਦਫ਼ਤਰ ਬੁਲਾ ਕੇ ਅੱਠ ਘੰਟੇ ਪੁੱਛਗਿੱਛ ਕੀਤੀ ਅਤੇ ਉਸ ਕੋਲ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਰਿਪੋਰਟਾਂ ਵਗੈਰਾ ਛਾਪਣ ਲਈ ਪੈਸੇ ਕਿੱਥੋਂ ਆਉਂਦੇ ਹਨ? ਵਰਗੇ ਬੇਹੂਦਾ ਸੁਆਲ ਕੀਤੇ। ਇਹੀ ਨਹੀਂ ਈਡੀ ਡਾਇਰੈਕਟਰ ਵੱਲੋਂ ਡਾ ਨਵਸ਼ਰਨ ਕੌਰ ਨੂੰ ਡਰਾਉਣ, ਧਮਕਾਉਣ, ਦਹਿਸ਼ਤਜ਼ਦਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਅਜਿਹੇ ਹੱਥਕੰਡਿਆਂ ਖ਼ਿਲਾਫ਼ ਜਥੇਬੰਦੀ ਪੂਰੀ ਦ੍ਰਿੜਤਾ ਨਾਲ ਆਵਾਜ਼ ਬੁਲੰਦ ਕਰੇਗੀ। ਆਗੂਆਂ ਕਿਹਾ ਕਿ ਇਹੀ ਸਰਕਾਰ ਲੋਕਾਂ ਦੇ ਦਿੱਤੇ ਟੈਕਸਾਂ ਦਾ ਹਜ਼ਾਰਾਂ ਕਰੋੜ ਰੁਪਏ ਲੁੱਟਣ ਵਾਲੇ ਨੀਰਵ ਮੋਦੀ, ਅਡਾਨੀ, ਅੰਬਾਨੀ, ਵਿਜੈ ਮਾਲਿਆ ਹੋਰਾਂ ਵੇਲੇ ਜ਼ੁਬਾਨ ਤੱਕ ਨਹੀਂ ਖੋਲਦੀ। ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਵੀ ਵੱਖ ਵੱਖ ਬਹਾਨਿਆਂ ਹੇਠ ਸਰਕਾਰ ਦੇ ਖ਼ਿਲਾਫ਼ ਬੋਲਣ ਵਾਲੇ ਬੁੱਧੀਜੀਵੀਆਂ ਅਤੇ ਸਮਾਜਿਕ ਕਾਰਕੁੰਨਾਂ ਨੂੰ ਭੀਮਾ ਕੋਰੇ ਗਾਉਂ ਦੇ ਕੇਸ ਜੇਲ੍ਹਾਂ ਵਿੱਚ ਦੇਸ਼ ਧ੍ਰੋਹ ਵਰਗੀਆਂ ਸੰਗੀਨ ਧਾਰਾਵਾਂ ਤਹਿਤ ਸਾਲਾਂ ਬੱਧੀ ਸਮੇਂ ਤੋਂ ਬੰਦ ਕਰੀ ਬੈਠੀ ਹੈ। ਕੇਂਦਰ ਸਰਕਾਰ ਖ਼ਿਲਾਫ਼ ਬੋਲਣ ਵਾਲੇ ਹਰ ਸ਼ਖਸ ਦੀ ਜ਼ੁਬਾਨ ਬੰਦ ਕਰਨੀ ਚਾਹੁੰਦੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਸ ਧੱਕੇਸ਼ਾਹੀ ਦਾ ਡਟਵਾਂ ਵਿਰੋਧ ਕਰੇਗੀ। ਇਸ ਤੋਂ ਇਲਾਵਾ ਦਿੱਲੀ ਦੇ ਜੰਤਰ ਮੰਤਰ ਵਿਖੇ ਸੰਘਰਸ਼ ਕਰ ਰਹੀਆਂ ਪਹਿਲਵਾਨ ਕੁੜੀਆਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਲਟਾ ਉਨ੍ਹਾਂ ਨੂੰ ਡਰਾ ਧਮਕਾ ਕੇ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਇਸ ਧੱਕੇਸ਼ਾਹੀ ਖ਼ਿਲਾਫ਼ 18 ਮਈ ਨੂੰ ਬ੍ਰਿਜ ਭੂਸ਼ਣ ਸ਼ਰਣ ਸਿੰਘ ਦੇ ਪੁਤਲੇ ਫੂਕਣ ਅਤੇ ਮੰਗ ਪੱਤਰ ਦੇਣ ਦਾ ਐਲਾਨ ਕੀਤਾ ਹੈ। ਬੀਕੇਯੂ ਏਕਤਾ ਡਕੌਂਦਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਪੂਰੇ ਜ਼ੋਰ ਸ਼ੋਰ ਨਾਲ ਲਾਗੂ ਕਰੇਗੀ।