ਸਿੱਖਿਆ ਮੰਤਰੀ ਬੈਂਸ ਪਹੁੰਚੇ ਹਸਪਤਾਲ, ਜਾਣਿਆ ਸਕੂਲੀ ਬੱਚਿਆਂ ਦਾ ਹਾਲ, ਪ੍ਰਿੰਸੀਪਲ ਕੀਤਾ ਸਸਪੈਂਡ

ਸੰਗਰੂਰ 02 ਦਸੰਬਰ : ਸੰਗਰੂਰ ਦੇ ਮੈਰੀਟੋਰੀਅਸ ਸਕੂਲ ਵਿੱਚ ਕੰਟੀਨ ਦਾ ਖਾਣਾ ਖਾਣ ਤੋਂ ਬਾਅਦ 60 ਦੇ ਕਰੀਬ ਬੱਚਿਆਂ ਦੀ ਸਿਹਤ ਵਿਗੜ ਗਈ। ਬਿਮਾਰ ਬੱਚਿਆਂ ਨੂੰ ਸੰਗਰੂਰ ਦੇ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੰਗਰੂਰ ਦੇ ਹਸਪਤਾਲ ਜਾ ਕੇ ਸਕੂਲੀ ਬੱਚਿਆਂ ਦਾ ਹਾਲ ਚਾਲ ਜਾਣਿਆ। ਇਸ ਮੌਕੇ ਸਿਖਿਆ ਮੰਤਰੀ ਨੇ ਐਕਸ ਤੋਂ ਟਵਿਟ ਕਰਦਿਆਂ ਕਿਹਾ ਕਿ, "ਸੰਗਰੂਰ ਪਹੁੰਚ, ਸਿਵਲ ਹਸਪਤਾਲ 'ਚ ਬਿਮਾਰ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ, ਵਿਦਿਆਰਥੀ ਹੁਣ ਠੀਕ ਹਨ ਅਤੇ ਤੇਜ਼ੀ ਨਾਲ ਠੀਕ ਹੋ ਰਹੇ ਹਨ। ਜ਼ਿਆਦਾਤਰ ਵਿਦਿਆਰਥੀ ਘਬਰਾਹਟ ਦੀ ਸ਼ਿਕਾਇਤ ਕਰ ਰਹੇ ਹਨ। ਠੇਕੇਦਾਰਾਂ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ, ਨਾਲ ਹੀ ਉਸ ਨੂੰ ਮੈਸ ਇੰਚਾਰਜ ਸਮੇਤ ਧਾਰਾ 307 ਆਈ.ਪੀ.ਸੀ. ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ।  ਵਿਦਿਆਰਥੀਆਂ ਦੀ ਸ਼ਿਕਾਇਤ ’ਤੇ ਸਮੇਂ ਸਿਰ ਕਾਰਵਾਈ ਨਾ ਕਰਨ ਕਾਰਨ ਸਬੰਧਤ ਪ੍ਰਿੰਸੀਪਲ ਨੂੰ ਵੀ ਮੁਅੱਤਲ ਕੀਤਾ ਜਾ ਰਿਹਾ ਹੈ। ਸਿਹਤ ਅਤੇ ਸਿੱਖਿਆ ਵਿਭਾਗ ਦੀਆਂ ਟੀਮਾਂ ਹਰ ਮੈਰੀਟੋਰੀਅਸ ਸਕੂਲ ਦੀ ਨਿਗਰਾਨੀ ਕਰ ਰਹੀਆਂ ਹਨ। ਫੀਡਬੈਕ ਫਾਰਮ ਮੈਰੀਟੋਰੀਅਸ ਸਕੂਲ ਦੇ ਹਰੇਕ ਵਿਦਿਆਰਥੀ ਨੂੰ ਭੇਜਿਆ ਜਾ ਰਿਹਾ ਹੈ ਅਤੇ ਮੁੱਖ ਦਫਤਰ ਦੁਆਰਾ ਨਿੱਜੀ ਤੌਰ 'ਤੇ ਨਿਗਰਾਨੀ ਕੀਤੀ ਜਾਵੇਗੀ।