ਤਿੰਨ ਦਿਨਾਂ ਦੌਰਾਨ 99270 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੁੰਦਾਂ : ਡਿਪਟੀ ਕਮਿਸ਼ਨਰ

ਮੋਗਾ, 31 ਮਈ : ਕੇਂਦਰੀ ਸਿਹਤ ਮੰਤਰਾਲੇ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲਾ ਮੋਗਾ ਵਿੱਚ ਚੱਲੀ ਤਿੰਨ ਦਿਨਾਂ ਪਲਸ ਪੋਲੀਓ ਰੋਕੂ ਮੁਹਿੰਮ ਅੱਜ ਸਫ਼ਲਤਾਪੂਰਵਕ ਸਮਾਪਤ ਹੋ ਗਈ ਹੈ।  28 ਮਈ ਤੋਂ ਸ਼ੁਰੂ ਹੋਈ ਇਸ ਮੁਹਿੰਮ ਤਹਿਤ ਪਹਿਲੇ ਦਿਨ  0-5 ਸਾਲ ਉਮਰ ਦੇ 43766, ਦੂਸਰੇ ਦਿਨ 33399 ਅਤੇ ਅੱਜ ਤੀਸਰੇ ਦਿਨ  22105 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਇਸ ਨਾਲ ਤਿੰਨ ਦਿਨਾਂ ਦੌਰਾਨ ਕੁੱਲ 99270  ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ, ਜਿਹੜਾ ਕਿ ਮਿਥੇ ਗਏ ਟੀਚੇ ਦਾ 99 ਫੀਸਦੀ ਬਣਦਾ ਹੈ। ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਪੋਲੀਓ ਰੋਕੂ ਮੁਹਿੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਨ ਲਈ ਵਿਭਾਗ ਦੀਆਂ 835 ਟੀਮਾਂ, 20 ਮੋਬਾਇਲ ਟੀਮਾਂ ਅਤੇ 19 ਟਰਾਂਜਿਟ ਟੀਮਾਂ ਕੰਮ ਕਰ ਰਹੀਆਂ ਸਨ। ਉਨਾਂ ਦੱਸਿਆ ਕਿ 1 ਫੀਸਦੀ ਰਹਿੰਦੇ ਬੱਚਿਆਂ ਨੂੰ ਅਗਲੇ 1-2 ਦਿਨਾਂ ਵਿੱਚ ਕਵਰ ਕਰ ਲਿਆ ਜਾਵੇਗਾ। ਡਿਪਟੀ ਕਮਿਸ਼ਨਰ ਮੋਗਾ ਨੇ ਦੱਸਆ ਕਿ  ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ , ਪਿੰਡਾਂ ਦੇ  ਸਰਪੰਚਾਂ ਪੰਚਾਂ ਅਤੇ ਹੋਰ ਮੋਹਤਬਰ ਲੋਕਾਂ ਨੇ ਵੀ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਵਿਸ਼ੇਸ਼ ਯੋਗਦਾਨ ਦਿੱਤਾ। ਸਿਹਤ ਵਿਭਾਗ ਦੀਆਂ ਟੀਮਾਂ ਜਰੀਏ ਹਰ ਯੋਗ ਬੱਚੇ ਤੱਕ ਪੋਲੀਓ ਰੋਕੂ ਬੂੰਦ ਦੀ ਪਹੁੰਚ ਨੂੰ ਯਕੀਨੀ ਬਣਾਇਆ ਗਿਆ। ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਚਲਾਉਣ ਲਈ 473 ਬੂਥ ਬਣਾਏ ਗਏ ਸਨ। ਇਸ ਕੰਮ ਲਈ 214 ਏ ਐਨ ਐਮਜ਼ ਅਤੇ ਮੇਲ ਵਰਕਰ, 818 ਆਸ਼ਾ ਵਰਕਰਾਂ, 386 ਆਂਗਣਵਾੜੀ ਵਰਕਰ, 90 ਸੁਪਰਵਾਈਜਰ, 1520 ਵੈਕਸੀਨੇਟਰ ਅਤੇ 511 ਹੋਰ ਕਰਮਚਾਰੀ ਵੀ ਕੰਮ ਕਰ ਰਹੇ ਸਨ। ਜਿਕਰਯੋਗ ਹੈ ਕਿ ਜ਼ਿਲਾ ਟੀਕਾਕਰਨ ਅਫ਼ਸਰ ਡਾ. ਅਸ਼ੋਕ ਸਿੰਗਲਾ, ਐਸ.ਐਮ.ਓ.  ਸੁਖਪ੍ਰੀਤ ਸਿੰਘ ਬਰਾੜ, ਜ਼ਿਲਾ ਬੀ.ਸੀ.ਸੀ. ਕੋਆਰਡੀਨੇਟਰ  ਅੰਮਿ੍ਰਤਪਾਲ ਸ਼ਰਮਾ, ਲਖਵਿੰਦਰ ਸਿੰਘ ਕੈਂਥ ਅਤੇ ਡਾਕਟਰ ਮੇਘਾ ਪ੍ਰਕਾਸ਼ ਦਾ ਵੀ ਮੁਹਿੰਮ ਵਿੱਚ ਵਿਸ਼ੇਸ਼ ਯੋਗਦਾਨ ਰਿਹਾ।