ਦੇਸ਼ ਦੇ ਪੁਲਿਸ ਸਟੇਸ਼ਨਾਂ ਦੇ ਸਰਵੇਖਣ ਦੌਰਾਨ ਥਾਣਾ ਮੂਨਕ ਨੂੰ ਚੁਣਿਆ ਪੰਜਾਬ ਦਾ ਸਰਵੋਤਮ ਪੁਲਿਸ ਸਟੇਸ਼ਨ

ਸੰਗਰੂਰ, 28 ਫ਼ਰਵਰੀ : ਭਾਰਤ ਸਰਕਾਰ ਦੇ ਗ੍ਰਹਿ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਪੂਰੇ ਦੇਸ਼ ਦੇ ਪੁਲਿਸ ਸਟੇਸ਼ਨਾਂ ਦੇ ਮੁਲਾਂਕਣ ਲਈ ਕਰਵਾਏ ਗਏ ਸਰਵੇਖਣ ਦੌਰਾਨ ਜ਼ਿਲ੍ਹਾ ਸੰਗਰੂਰ ਦੇ ਥਾਣਾ ਮੂਨਕ ਨੂੰ ਪੰਜਾਬ ਦਾ ਸਰਵੋਤਮ ਪੁਲਿਸ ਸਟੇਸ਼ਨ ਚੁਣਿਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸੰਗਰੂਰ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਗ੍ਰਹਿ ਮਾਮਲਿਆਂ ਬਾਰੇ ਨਵੀਂ ਦਿੱਲੀ ਸਥਿਤ ਮੰਤਰਾਲੇ ਵੱਲੋਂ ਪੁਲਿਸ ਸਟੇਸ਼ਨਾਂ ਦੇ ਮੁਲਾਂਕਣ ਲਈ ਦੇਸ਼ ਵਿੱਚ ਸਭ ਤੋਂ ਵਧੀਆ ਪੁਲਿਸ ਸਟੇਸ਼ਨਾਂ ਦੀ ਚੋਣ ਕਰਨ ਅਤੇ ਦਰਜਾ ਬੰਦੀ ਕਰਨ ਲਈ ਸਲਾਨਾ ਸਰਵੇਖਣ ਕਰਵਾਇਆ ਜਾਂਦਾ ਹੈ ਅਤੇ ਸਿਖਰਲੇ 10 ਚੁਣੇ ਹੋਏ ਪੁਲਿਸ ਥਾਣਿਆਂ ਦੇ ਨਾਮ ਘੋਸ਼ਿਤ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸਾਲ 2022 ਦਾ ਸਰਵੇਖਣ ਐਮ.ਐਸ ਟਰਾਂਸ ਰੂਲਰ ਐਗਰੀ ਕਨਸਲਟਿੰਗ ਸਰਵਿਸਜ ਪ੍ਰਾਈਵੇਟ ਲਿਮਿਟੇਡ ਫਰਮ ਦੁਆਰਾ ਕਰਵਾਇਆ ਗਿਆ ਸੀ ਜਿਸ ਦੇ ਅਧਾਰ ‘ਤੇ ਭਾਰਤ ਵਿੱਚੋਂ 10 ਸਭ ਤੋਂ ਵਧੀਆ ਪੁਲਿਸ ਸਟੇਸ਼ਨ ਚੁਣੇ ਗਏ ਹਨ। ਐਸ.ਐਸ.ਪੀ. ਸੰਗਰੂਰ ਨੇ ਦੱਸਿਆ ਕਿ ਭਾਰਤ ਸਰਕਾਰ ਦੁਆਰਾ ਜਾਰੀ ਸਰਟੀਫਿਕੇਟ ਅਨੁਸਾਰ ਇਨ੍ਹਾਂ ਚੁਣੇ ਗਏ ਵਧੀਆ 10 ਪੁਲਿਸ ਸਟੇਸ਼ਨਾਂ ਵਿੱਚ ਜ਼ਿਲ੍ਹਾ ਸੰਗਰੂਰ ਦੇ ਪੁਲਿਸ ਥਾਣਾ ਮੂਨਕ ਨੂੰ ਪੰਜਾਬ ਦਾ ਸਰਵੋਤਮ ਪੁਲਿਸ ਸਟੇਸ਼ਨ ਚੁਣਿਆ ਗਿਆ ਹੈ।