ਪੋਲੀਓ ਮੁਹਿੰਮ ਦੌਰਾਨ ਜ਼ਿਲ੍ਹੇ ਦੇ 1 ਲੱਖ 85 ਹਜ਼ਾਰ 862 ਬੱਚਿਆਂ ਨੇ ਪੀਤੀਆਂ ਦੋ ਬੂੰਦਾਂ ਜ਼ਿੰਦਗੀ ਦੀਆਂ

  • ਸੌ ਫ਼ੀਸਦੀ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਪਿਲਾਉਣ ਦਾ ਟੀਚਾ ਹੋਇਆ ਪੂਰਾ

ਪਟਿਆਲਾ, 30 ਮਈ : ਸਬ ਰਾਸ਼ਟਰੀ ਪਲਸ ਪੋਲੀਓ ਦਿਵਸ ਤਹਿਤ ਪਲਸ ਪੋਲੀਓ ਮੁਹਿੰਮ ਦੇ ਤੀਜੇ ਅਤੇ ਅੰਤਿਮ ਦਿਨ ਤੱਕ ਪਟਿਆਲਾ ਜ਼ਿਲ੍ਹੇ ਵਿਚ 0-5 ਸਾਲ ਤੱਕ ਦੇ 1,85,862 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਦੱਸਿਆ ਕਿ ਅੱਜ ਪੋਲੀਓ ਮੁਹਿੰਮ ਦੇ ਅੰਤਿਮ ਅਤੇ ਤੀਜੇ ਦਿਨ ਸਿਹਤ ਟੀਮਾਂ ਵੱਲੋਂ 1,37,962 ਘਰਾਂ ਦਾ ਦੌਰਾ ਕਰਕੇ 31,315  ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾਈਆਂ ਗਈਆਂ। ਜਿਸ ਨਾਲ ਜ਼ਿਲ੍ਹੇ ਵਿੱਚ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੁੰਦਾ ਪਿਲਾਉਣ ਦਾ 100 ਫ਼ੀਸਦੀ ਟੀਚਾ ਪੂਰਾ ਕਰ ਲਿਆ ਗਿਆ ਹੈ।  ਡਾ. ਰਮਿੰਦਰ ਕੌਰ ਨੇ ਦੱਸਿਆਂ ਕਿ ਸਿਹਤ ਵਿਭਾਗ ਵੱਲੋਂ ਮੁਹਿੰਮ ਦੇ ਪਹਿਲੇ ਦਿਨ ਐਤਵਾਰ ਨੂੰ ਜਨਤਕ ਥਾਂਵਾਂ, ਪਿੰਡਾਂ ਅਤੇ ਸ਼ਹਿਰਾਂ ਵਿਚ ਲੋੜ ਅਨੁਸਾਰ ਪੋਲੀਓ ਬੂਥ ਲਗਾ ਕੇ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾਈਆਂ ਗਈਆਂ ਸਨ। ਜਿਹੜੇ ਬੱਚੇ ਕਿਸੇ ਕਾਰਨ ਬੂਥਾਂ ਤੇ ਪੋਲੀਓ ਦਵਾਈ ਪੀਣ ਤੋ ਵਾਂਝੇ ਰਹਿ ਗਏ ਸਨ, ਉਹਨਾਂ ਬੱਚਿਆਂ ਨੂੰ 29 ਅਤੇ 30 ਮਈ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਈਆਂ ਗਈਆਂ। ਉਹਨਾਂ ਇਸ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਿਹਤ ਸਟਾਫ਼, ਮਾਤਾ ਕੁਸ਼ੱਲਿਆ ਨਰਸਿੰਗ ਸਕੂਲ, ਅਸ਼ੋਕਾ ਨਰਸਿੰਗ ਕਾਲਜ ਦੇ ਵਿਦਿਆਰਥੀ , ਆਂਗਨਵਾੜੀ ਵਰਕਰ, ਆਸ਼ਾ ਵਰਕਰ, ਸਮਾਜ ਸੇਵੀ ਸੰਸਥਾਵਾਂ, ਪੰਚਾਇਤਾਂ, ਵੱਖ ਵੱਖ ਵਿਭਾਗਾਂ ਅਤੇ ਲੋਕਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਵੀ ਕੀਤਾ। ਜ਼ਿਲ੍ਹੇ ਵਿੱਚ ਚਲਾਈ ਇਹ ਮੁਹਿੰਮ ਦਾ ਸਿਵਲ ਸਰਜਨ ਅਤੇ ਸਮੂਹ ਪ੍ਰੋਗਰਾਮ ਅਫ਼ਸਰਾਂ ਵੱਲੋਂ ਵੀ ਵੱਖ ਵੱਖ ਬਲਾਕਾਂ ਵਿੱਚ ਜਾ ਕੇ ਜਾਇਜ਼ਾ ਲਿਆ ਗਿਆ ।