ਗੈਂਗਸਟਰਾਂ ਅਤੇ ਬਠਿੰਡਾ ਪੁਲਿਸ ਦੀਆਂ ਟੀਮਾਂ ਵਿਚਕਾਰ ਹੋਏ ਮੁਕਾਬਲੇ ਦੌਰਾਨ ਇੱਕ ਗੈਂਗਸਟਰ ਜ਼ਖ਼ਮੀ, ਪੁਲਿਸ ਨੇ ਇੱਕ ਨੂੰ ਕੀਤਾ ਕਾਬੂ 

ਬਠਿੰਡਾ 03 ਜੁਲਾਈ : ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਇਲਾਕੇ ਵਿੱਚ ਸੋਮਵਾਰ ਦੁਪਹਿਰ ਨੂੰ ਗੈਂਗਸਟਰਾਂ ਅਤੇ ਬਠਿੰਡਾ ਪੁਲਿਸ ਦੀਆਂ ਟੀਮਾਂ ਵਿਚਕਾਰ ਹੋਏ ਮੁਕਾਬਲੇ ਦੌਰਾਨ ਇੱਕ ਗੈਂਗਸਟਰ ਜ਼ਖ਼ਮੀ ਹੋ ਗਿਆ, ਜਦੋਂ ਕਿ ਉਸਦੇ ਸਾਥੀ ਨੂੰ ਪੁਲਿਸ ਨੇ ਮੌਕੇ ਤੇ ਹੀ ਇੱਕ ਕਾਬੂ ਕਰ ਲਿਆ । ਜ਼ਖਮੀ ਗੈਂਗਸਟਰ ਨੂੰ ਪੁਲਸ ਨੇ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਹੈ। ਪੁਲਿਸ ਪਾਰਟੀ ਨੇ ਇਸ ਮੌਕੇ ਇਹਨਾਂ ਦੋਵਾਂ ਕੋਲੋਂ ਇੱਕ ਪਿਸਤੌਲ 315 ਬੋਰ ਤੇ ਇੱਕ ਕਾਰਤੂਸ ਅਤੇ 32 ਬੋਰ ਦਾ ਪਿਸਤੌਲ ਅਤੇ 4 ਕਾਰਤੂਸ ਬਰਾਮਦ ਕੀਤੇ ਹਨ।   ਪੁਲਿਸ ਨੇ ਇਸ ਸੰਬੰਧ ਵਿਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਖਮੀ ਨੌਜੁਆਨ ਦੀ ਪਛਾਣ ਜਸਵਿੰਦਰ ਸਿੰਘ ਉਰਫ ਘੋੜਾ ਪੁੱਤਰ ਅਵਤਾਰ ਸਿੰਘ ਵਾਸੀ ਜੱਜਲ ਜਿਲ੍ਹਾ ਬਠਿੰਡਾ ਅਤੇ ਦੂਸਰਾ ਬੁੱਧ ਰਾਮ ਪੁੱਤਰ ਬਲਵਿੰਦਰ ਸਿੰਘ ਵਾਸੀ ਸੰਗਤ ਖੁਰਦ ਜ਼ਿਲ੍ਹਾ ਬਠਿੰਡਾ ਹੈ।   ਸੀਨੀਅਰ ਪੁਲੀਸ ਕਪਤਾਨ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਅਤੇ ਐਸ ਪੀ (ਡੀ) ਅਜੈ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਨੂੰ ਮਿਲੀ ਸਫਲਤਾ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਗੈਂਗਸਟਰ ਗੋਲਡੀ ਬਰਾੜ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਹਨ। ਉਨ੍ਹਾਂ ਦੱਸਿਆ ਕਿ ਰਿਮਾਂਡ ਹਾਸਲ ਕਰਨ ਤੋਂ ਬਾਅਦ ਕੀਤੀ ਜਾਣ ਵਾਲੀ ਪੁੱਛ ਪੜਤਾਲ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਸੀਆਈਏ ਸਟਾਫ  ਦੇ ਇੰਚਾਰਜ ਇੰਸਪੈਕਟਰ ਤਰਲੋਚਨ ਸਿੰਘ ਪੁਲਿਸ ਮੁਲਾਜ਼ਮਾਂ ਨਾਲ ਥਾਣਾ ਤਲਵੰਡੀ ਸਾਬੋ ਦੇ ਏਰੀਆ ਵਿੱਚ ਗਸ਼ਤ ਕਰ ਰਹੇ ਸਨ । ਇਸੇ ਦੌਰਾਨ ਪੁਲਿਸ ਪਾਰਟੀ ਪਿੰਡ ਮਲਕਾਣਾ ਤੋਂ ਤਿਉਣਾ ਪੁਜਾਰੀਆ ਜਾ ਰਹੀ ਸੀ ਤਾਂ ਪਿੰਡ ਤਿਉਣਾ ਪੁਜਾਰੀਆ ਸੂਏ ਦੇ ਪੁਲ ਦੇ ਕੋਲ ਬਿਨਾਂ ਨੰਬਰ ਦੇ ਇੱਕ ਸ਼ੱਕੀ ਮੋਟਰਸਾਈਕਲ ਲਾਗੇ 2 ਮੋਨੇ ਨੌਜੁਆਨ ਖੜੇ ਦਿਖਾਈ ਦਿੱਤੇ। ਉਨ੍ਹਾਂ ਦੱਸਿਆ ਕਿ ਜਦ ਪੁਲਿਸ ਪਾਰਟੀ ਨੇ ਸ਼ੱਕ ਦੇ ਅਧਾਰ ਤੇ ਇਨ੍ਹਾਂ ਨੌਜਵਾਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਭੱਜਦੇ ਹੋਇਆਂ ਪੁਲਿਸ ਪਾਰਟੀ ਵੱਲ ਫਾਇਰਿੰਗ ਕਰ ਦਿੱਤੀ। ਇਸ ਮੌਕੇ ਜਵਾਬੀ ਕਾਰਵਾਈ ਦੌਰਾਨ ਪੁਲਿਸ ਦੀ ਗੋਲੀ ਇਕ ਨੌਜਵਾਨ ਦੀ ਸੱਜੀ ਲੱਤ ਤੇ ਲੱਗ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਪੂਰੀ ਮੁਸਤੈਦੀ ਨਾਲ ਦੋਵਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ  ਜਸਵਿੰਦਰ ਸਿੰਘ ਖਿਲਾਫ ਥਾਣਾ ਰਾਮਾ ਵਿਖੇ  ਫਿਰੌਤੀ ਮੰਗਣ ਦਾ ਮੁਕੱਦਮਾ ਦਰਜ ਹੈ ਜਿਸ ਵਿੱਚ ਉਹ ਲੰਘੀ 3 ਅਪ੍ਰੈਲ ਨੂੰ ਜੇਲ੍ਹ ਚੋਂ ਬਾਹਰ ਆਇਆ ਸੀ ‌।ਪੁਲਿਸ ਅਨੁਸਾਰ ਬੁੱਧ ਰਾਮ ਖਿਲਾਫ਼ ਐੱਨ.ਡੀ.ਪੀ.ਐੱਸ ਦਾ ਮੁੱਕਦਮਾ ਦਰਜ ਸੀ, ਜਿਸ ਵਿੱਚੋਂ ਉਹ ਲੰਘੀ 23 ਫਰਵਰੀ ਨੂੰ ਜੇਲ੍ਹ ਵਿੱਚੋ ਬਾਹਰ ਆਇਆ ਹੈ।ਕੁੱਝ ਦਿਨ ਪਹਿਲਾਂ ਇਨ੍ਹਾਂ ਨੇ ਤਲਵੰਡੀ ਸਾਬੋ ਦੇ ਇੱਕ ਦੁਕਾਨਦਾਰ ਤੋਂ ਫੋਨ ਤੇ 5 ਲੱਖ ਦੀ ਫਿਰੌਤੀ ਮੰਗੀ ਸੀ।