ਐਸ ਏ ਐਸ ਨਗਰ ਪੁਲਿਸ ਨੇ ਨਾਕਾਬੰਦੀ ਦੌਰਾਨ 50 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ

  • 30 ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਨ ਤੋਂ ਇਲਾਵਾ 14 ਵਾਹਨਾਂ ਨੂੰ ਬੰਦ ਕੀਤਾ ਗਿਆ

ਐਸ.ਏ.ਐਸ.ਨਗਰ, ਅਗਸਤ : ਐਸ.ਏ.ਐਸ.ਨਗਰ ਜ਼ਿਲ੍ਹੇ ਵਿੱਚ ਅੱਜ ਗੁਆਂਢੀ ਰਾਜਾਂ ਅਤੇ ਯੂ ਟੀ ਚੰਡੀਗੜ੍ਹ ਨਾਲ ਤਾਲਮੇਲ ਕਰਕੇ ਨਸ਼ਿਆਂ, ਸ਼ਰਾਬ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਪ੍ਰਵਾਹ ਨੂੰ ਰੋਕਣ ‘ਤੇ ਵਿਸ਼ੇਸ਼ ਧਿਆਨ ਦੇ ਕੇ ਆਪਰੇਸ਼ਨ ਸੀਲ-3 ਚਲਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਸ ਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਇਸ ਅਪਰੇਸ਼ਨ ਦੌਰਾਨ ਦੋ ਐਸ ਪੀਜ਼ ਅਤੇ ਪੰਜ ਡੀ ਐਸ ਪੀਜ਼ ਦੀ ਨਿਗਰਾਨੀ ਹੇਠ 90 ਅਧਿਕਾਰੀਆਂ ਦੀ ਤਾਇਨਾਤੀ ਵਾਲੇ ਕੁੱਲ 11 ਅੰਤਰਰਾਜੀ ਨਾਕੇ ਲਗਾਏ ਗਏ ਸਨ। ਉਨ੍ਹਾਂ ਅੱਗੇ ਦੱਸਿਆ ਕਿ ਵਾਹਨ ਐਪ ‘ਤੇ 678 ਵਾਹਨਾਂ ਦੀ ਚੈਕਿੰਗ ਕੀਤੀ ਗਈ, ਜਿਨ੍ਹਾਂ ਵਿੱਚੋਂ 69 ਦੇ ਚਲਾਨ ਕੀਤੇ ਗਏ ਅਤੇ 14 ਵਾਹਨ ਬੰਦ ਕੀਤੇ ਗਏ। ਐਸ ਐਸ ਪੀ ਨੇ ਦੱਸਿਆ ਕਿ ਇਸ ਅਪਰੇਸ਼ਨ ਦੌਰਾਨ 30 ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਅਤੇ ਇਸ ਨਾਕਾਬੰਦੀ ਦੌਰਾਨ  50 ਲੱਖ ਦੀ ਬਿਨਾਂ ਹਿਸਾਬ ਨਕਦੀ ਬਰਾਮਦ ਹੋਈ। ਇਸ ਸਾਰੇ ਓਪਰੇਸ਼ਨ ਦੀ ਅਗਵਾਈ ਕਰਨ ਵਾਲੇ ਜੀ.ਓਜ਼ ਵਿੱਚ ਐਸ ਪੀ (ਜਾਂਚ) ਅਮਨਦੀਪ ਸਿੰਘ ਬਰਾੜ, ਐਸ ਪੀ (ਦਿਹਾਤੀ) ਮਨਪ੍ਰੀਤ ਸਿੰਘ, ਡੀ ਐਸ ਪੀ ਸਿਟੀ-2 ਹਰਸਿਮਰਤ ਸਿੰਘ ਬੱਲ, ਡੀ ਐਸ ਪੀ ਮੁੱਲਾਂਪੁਰ ਧਰਮਵੀਰ ਸਿੰਘ, ਡੀ ਐਸ ਪੀ ਜ਼ੀਰਕਪੁਰ ਵਿਕਰਮ ਬਰਾੜ, ਏ ਐਸ ਪੀ ਡੇਰਾਬੱਸੀ ਦਰਪਨ ਆਹਲੂਵਾਲੀਆ ਅਤੇ ਡੀ ਐਸ ਪੀ ਸਿਟੀ-1 ਪ੍ਰਭਜੋਤ ਕੌਰ ਸ਼ਾਮਿਲ ਸਨ।