ਲੁਧਿਆਣਾ ‘ਚ ਉੱਤਮ ਨਮਕੀਨ ਦੀ ਫੈਕਟਰੀ ‘ਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ, ਇੱਕ ਫਾਇਰਮੈਨ ਝੁਲਸਿਆ

ਲੁਧਿਆਣਾ, 12 ਅਪ੍ਰੈਲ : ਮਹਾਨਗਰ ਲੁਧਿਆਣਾ ‘ਚ ਉੱਤਮ ਨਮਕੀਨ ਦੀ ਫੈਕਟਰੀ ‘ਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋਣ ਜਾਣ ਅਤੇ ਇੱਕ ਫਾਇਰਮੈਨ ਦੇ ਅੱਗ ‘ਚ ਝੁਲਸ ਜਾਣ ਦੀ ਖ਼ਬਰ ਹੈ। ਅੱਗ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਮੌਕੇ ਤੇ ਪੁੱਜੀਆਂ ਅਤੇ ਅੱਗ ਤੇ ਕਾਬੂ ਪਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਫੈਕਟਰੀ ਭਾਈ ਹਿੰਮਤ ਸਿੰਘ ਨਗਰ ਗਲੀ ਨੰਬਰ 4, ਦੁੱਗਰੀ ਵਿੱਚ ਸਥਿਤ ਹੈ। ਅਚਾਨਕ ਫੈਕਟਰੀ ਦੀ ਪਹਿਲੀ ਮੰਜ਼ਿਲ 'ਤੇ ਬਿਜਲੀ ਦੀਆਂ ਭੱਠੀਆਂ 'ਚ ਧਮਾਕਾ ਹੋ ਗਿਆ। ਕੁਝ ਹੀ ਦੇਰ 'ਚ ਤੇਲ ਨੂੰ ਅੱਗ ਲੱਗਣ ਕਾਰਨ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਬੁਝਾਉਣ ਵਾਲਾ ਕੋਈ ਯੰਤਰ ਮੌਜੂਦ ਨਹੀਂ ਸੀ, ਫਿਰ ਵੀ ਫੈਕਟਰੀ ਵਿੱਚ ਕੰਮ ਕਰਦੇ ਮਜ਼ਦੂਰਾਂ ਨੇ ਅੱਗ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋ ਸਕੇ। ਕੁਝ ਸਮੇਂ ਵਿੱਚ ਅੱਗ ਵਧਦੀ ਗਈ ਅਤੇ ਮਜ਼ਦੂਰ ਵੀ ਅੰਦਰ ਫਸ ਗਏ।ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਅੰਦਰ ਮੌਜੂਦ ਕਰੀਬ 12 ਮਜ਼ਦੂਰਾਂ ਨੂੰ ਬਚਾ ਕੇ ਬਾਹਰ ਕੱਢਿਆ ਗਿਆ। ਇਸ ਦੌਰਾਨ ਫਾਇਰ ਕਰਮੀ ਸੌਰਵ ਭਗਤ ਦਾ ਪੈਰ ਝੁਲਸ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਨੇ ਕਰੀਬ 6 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।