ਬਠਿੰਡਾ 'ਚ ਘਰੇਲੂ ਸਮੱਸਿਆਵਾਂ ਕਾਰਨ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਝੀਲ ’ਚ ਮਾਰੀ ਛਾਲ, 2 ਦੀ ਮੌਤ

ਬਠਿੰਡਾ, 31 ਮਾਰਚ : ਬਠਿੰਡਾ ਤੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਘਰੇਲੂ ਸਮੱਸਿਆਵਾਂ ਦੇ ਚਲਦਿਆਂ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਝੀਲ ਵਿੱਚ ਛਾਲ ਮਾਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਦੇ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਪਤੀ, ਪਤਨੀ ਅਤੇ ਨੌਜਵਾਨ ਪੁੱਤਰ ਨੇ ਥਰਮਲ ਝੀਲਾਂ ਵਿੱਚ ਛਾਲ ਮਾਰਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਮਿਲੀ ਜਾਣਕਾਰੀ ਅਨੁਸਾਰ ਅਮਰੀਕ ਸਿੰਘ ਰੋਡ ਦੇ ਰਹਿਣ ਵਾਲੇ 67 ਸਾਲਾ ਸੁਰਿੰਦਰ ਕੁਮਾਰ ਜੋ ਪ੍ਰਿੰਟਿਗ ਪ੍ਰੈਸ ਦਾ ਕੰਮ ਕਰਦਾ ਹੈ, ਨੇ ਆਪਣੇ ਘਰੇਲੂ ਸਮੱਸਿਆ ਦੇ ਚਲਦਿਆਂ ਆਪਣੀ ਪਤਨੀ ਕੈਲਾਸ਼ ਰਾਣੀ ਤੇ 37 ਸਾਲਾ ਪੁੱਤਰ ਪਵਨੀਸ਼ ਸਮੇਤ ਥਰਮਲ ਝੀਲ ਵਿੱਚ ਛਾਲ ਮਾਰ ਦਿੱਤੀ। ਇਸ ਘਟਨਾ ਦਾ ਪਤਾ ਚਲਦਿਆਂ ਹੀ ਸਮਾਜ ਸੇਵੀ ਸੰਸਥਾ ਸਹਾਰਾ ਦੇ ਵਲੰਟੀਅਰ ਮੌਕੇ ‘ਤੇ ਪੁੱਜੇ ਅਤੇ ਪਰਿਵਾਰ ਦੇ ਮੁਖੀ ਸੁਰਿੰਦਰ ਕੁਮਾਰ ਨੂੰ ਬਚਾ ਲਿਆ ਗਿਆ, ਜਦੋਂਕਿ ਉਸਦੀ ਪਤਨੀ ਕੈਲਾਸ਼ ਰਾਣੀ ਤੇ ਪੁੱਤਰ ਪਵਨੀਸ਼ ਦੀ ਮੌਤ ਹੋ ਗਈ। ਥਾਣਾ ਥਰਮਲ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਬਿਆਨਾਂ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਸਹਾਰਾ ਵਲੰਟੀਅਰਾਂ ਨੇ ਪੋਸਟਮਾਰਟਮ ਲਈ ਲਾਸ਼ਾਂ ਸਿਵਲ ਹਸਪਤਾਲ ਪਹੁੰਚਾ ਦਿੱਤੀਆਂ ਹਨ।