ਡੀ.ਐੱਸ.ਪੀ ਦਾਖਾ ਤੇ ਥਾਣਾ ਮੁਖੀ  ਨੇ ਪੱਤਰਕਾਰਾਂ ਨਾਲ ਕੀਤੀ ਅਹਿਮ ਮੀਟਿੰਗ

  • ਨਸ਼ਾ ਤਸਕਰੀ ਬਰਦਾਸ਼ਤ ਨਹੀਂ ਕਿਹਾ ਪੁਲਸ ਅਧਿਕਾਰੀਆਂ

ਮੁੱਲਾਪੁਰ ਦਾਖਾ 08 ਫਰਵਰੀ (ਸਤਵਿੰਦਰ ਸਿੰਘ ਗਿੱਲ) : ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਸਮੁੱਚੇ ਇਲਾਕੇ ਅੰਦਰ ਨਸ਼ਾ ਤਸਕਰੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਹੋਵੇਗੀ ਬੇਸ਼ਕ ਕੋਈ ਵੀ ਹੋਵੇ ਇਹਨਾ ਸ਼ਬਦਾਂ ਦਾ ਪ੍ਰਗਟਾਵਾ ਮਾਡਲ ਥਾਣਾ ਦਾਖਾ ਵਿੱਚ ਡੀ ਐਸ ਪੀ ਜਤਿੰਦਰਪਾਲ ਸਿੰਘ ਅਤੇ ਐਸ ਐਸ ਓ ਜਸਵੀਰ ਸਿੰਘ ਤੂਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਦੋਵੇਂ ਪੁਲਸ ਅਧਿਕਾਰੀਆਂ ਨੇ ਮੁੱਲਾਂਪੁਰ ਦਾਖਾ ਦੀ ਸਮੁੱਚੀ ਪ੍ਰੈਸ ਨਾਲ ਮੀਟਿੰਗ ਕੀਤੀ ਅਤੇ ਪੁਲਸ ਵਲੋ ਸਮੁੱਚੀ ਪ੍ਰੈਸ ਤੋ ਸਹਿਯੋਗ ਦੀ ਮੰਗ ਕੀਤੀ। ਗੱਲਬਾਤ ਦੌਰਾਨ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਹੁਣ ਇਲਾਕੇ ਅੰਦਰ ਨਸ਼ਾ ਸਮੱਗਲਰਾਂ ਦੀ ਖੈਰ ਨਹੀਂ, ਉਨ੍ਹਾਂ ਕਿਹਾ ਕਿ ਨਸ਼ਾ ਸਮੱਗਲਰ ਜਾਂ ਤਾਂ ਕੰਮ ਬੰਦ ਕਰ ਦੇਣ ਜਾ ਇਲਾਕਾ ਛੱਡ ਦੇਣ ਕਿਉਂਕਿ ਨਸ਼ਾ ਸਮੱਗਲਰਾਂ ਲਈ ਕੋਈ ਦਲੀਲ ਤੇ ਕੋਈ ਅਪੀਲ ਨਹੀਂ। ਉਨ੍ਹਾਂ ਕਿਹਾ ਕਿ ਮੁੱਲਾਂਪੁਰ ਦਾਖਾ ਇਲਾਕੇ ਅੰਦਰ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਨਾ ਹੀ ਮਾਹੌਲ ਖਰਾਬ ਕਰਨ ਦੀ ਆਗਿਆ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਲਦੀ ਹੀ ਦੁਕਾਨਦਾਰ ਯੂਨੀਅਨ, ਮੈਡੀਕਲ ਐਸੋਸੀਏਸ਼ਨ, ਕਰਿਆਨਾ ਦੁਕਾਨਦਾਰ ਯੂਨੀਅਨ, ਆੜ੍ਹਤੀ ਐਸੋਸੀਏਸ਼ਨ ਦੀ ਮੀਟਿੰਗ ਬੁਲਾ ਕੇ ਉਨ੍ਹਾਂ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਅੰਦਰ ਤੇ ਬਾਹਰ ਸੀ. ਸੀ. ਟੀ. ਵੀ. ਕੈਮਰੇ ਜ਼ਰੂਰ ਲਗਵਾਉਣ ਅਤੇ ਚੌਕੀਦਾਰ ਵੀ ਰੱਖਣ ਅਤੇ ਜੇਕਰ ਕੋਈ ਵੀ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਉਸ ਬਾਰੇ ਦਾਖਾ ਪੁਲਸ ਨੂੰ ਜ਼ਰੂਰ ਸੂਚਿਤ ਕਰਨ ਤਾਂ ਜੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ। ਉਨਾਂ ਕਿਹਾ ਕਿ ਨਸ਼ੇ ਦੀ ਦਲਦਲ ’ਚ ਫਸਿਆ ਜੇਕਰ ਕੋਈ ਨੌਜਵਾਨ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਦਾਖਾ ਪੁਲਸ ਨਾਲ ਬਿਨਾਂ ਕਿਸੇ ਡਰ ਭੈਅ ਤੋਂ ਸੰਪਰਕ ਕਰੇ। ਉਕਤ ਦੋਵਾਂ ਅਧਿਕਾਰੀਆਂ ਨੇ ਰਾਏਕੋਟ ਰੋਡ, ਜਗਰਾਓ ਰੋਡ ਅਤੇ ਲੁਧਿਆਣਾ ਰੋਡ ’ਤੇ ਟਰੈਫਿਕ ਵਿੱਚ ਵਿਘਨ ਪਾਉਣ ਵਾਲਿਆਂ ਨੂੰ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਬੁਲਟ ਮੋਟਰਸਾਈਕਲ ’ਤੇ ਪਟਾਕੇ ਮਾਰਨ ਵਾਲਿਆਂ ਦੀ ਵੀ ਹੁਣ ਖੈਰ ਨਹੀਂ?