ਸਮਰਾਲਾ ਵਿਚ ਨਸ਼ੇੜੀ ਪਿਓ ਨੇ ਪੁੱਤ ਅਤੇ ਪਤਨੀ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕੀਤਾ ਗੰਭੀਰ ਜਖ਼ਮੀ 

ਸਮਰਾਲਾ, 06 ਅਪ੍ਰੈਲ : ਸਮਰਾਲਾ ਦੇ ਪਿੰਡ ਕਟਾਲਾ ਢਾਹਾ ਵਿਚ ਨਸ਼ੇੜੀ ਪਿਓ ਨੇ ਆਪਣੇ 12ਵੀਂ ਜਮਾਤ 'ਚ ਪੜ੍ਹਦੇ ਪੁੱਤ ਅਤੇ ਪਤਨੀ ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਗੰਭੀਰ ਰੂਪ ਵਿੱਚ ਜਖ਼ਮੀ ਕਰ ਦੇਣ ਤੋਂ ਬਾਅਦ ਇੱਕ ਬੱਚੇ ਨੂੰ ਨਾਲ ਲੈ ਕੇ ਭੱਜ ਜਾਣ ਦੀ ਖ਼ਬਰ ਹੈ। ਜਖ਼ਮੀ ਔਰਤ ਜਸਵਿੰਦਰ ਕੌਰ ਦੇ ਭਰਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਜੀਜਾ ਹਰਜੀਤ ਸਿੰਘ ਜੋ ਨਸ਼ਾ ਕਰਨ ਦਾ ਆਦੀ ਹੈ, ਅੱਜ ਸਵੇਰ ਸਮੇਂ ਜਦੋਂ ਨਸ਼ੇ ਦੀ ਹਾਲਤ ਵਿੱਚ ਘਰ ਆਇਆ ਤਾਂ ਉਸਨੇ ਘਰ ਵਿੱਚ ਲੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਉਸਨੇ ਆਪਣੇ ਪੁੱਤਰ ਲਵਪ੍ਰੀਤ ਸਿੰਘ (17) ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਦੋਂ ਉਸਦੀ ਪਤਨੀ ਜਸਵਿੰਦਰ ਕੌਰ (40) ਨੇ ਇਸ ਦਾ ਵਿਰੋਧ ਕੀਤਾ ਤਾਂ ਉਸਤੇ ਵੀ ਹਮਲਾ ਕਰਕੇ ਗੰਭੀਰ ਰੂਪ ਵਿੱਚ ਜਖ਼ਮੀ ਕਰਦਿੱਤਾ ਤੇ ਉਨ੍ਹਾਂ ਨੂੰ ਜਖ਼ਮੀ ਹਾਲਤ ਵਿੱਚ ਖੇਤਾਂ ਵਿੱਚ ਪਇਆ ਨੂੰ ਹੀ ਛੱਡ ਕੇ ਆਪ ਭੱਜ ਗਿਆ। ਰੌਲਾ ਸੁਣ ਕੇ ਆਲੇ-ਦੁਆਲੇ ਦੇ ਲੋਕ ਜਦੋਂ ਮੌਕੇ 'ਤੇ ਪਹੁੰਚੇ ਤਾਂ ਮੁਲਜ਼ਮ ਆਪਣੇ ਛੋਟੇ ਲੜਕੇ ਜੋਤ ਸਿੰਘ ਨੂੰ ਲੈ ਕੇ ਫਰਾਰ ਹੋ ਗਿਆ। ਇਸ ਤੋਂ ਬਾਅਦ ਜ਼ਖਮੀ ਮਾਂ-ਪੁੱਤ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਦੋਵਾਂ ਦੀ ਹਾਲਤ ਨਾਜ਼ੁਕ ਹੋਣ 'ਤੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਹਨਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ।