ਡਾ. ਬਲਬੀਰ ਸਿੰਘ ਤੇ ਅਜੀਤਪਾਲ ਸਿੰਘ ਕੋਹਲੀ ਵੱਲੋਂ ਡੇਅਰੀ ਪ੍ਰਾਜੈਕਟ ਦਾ ਜਾਇਜ਼ਾ

  • ਕਿਹਾ, ਸ਼ਹਿਰ 'ਚੋਂ ਡੇਅਰੀਆਂ ਤਬਦੀਲ ਕਰਨ ਡੇਅਰੀ ਮਾਲਕ, ਸਰਕਾਰ ਦੇ ਰਹੀ ਹੈ ਹਰ ਸਹਾਇਤਾ

ਪਟਿਆਲਾ, 25 ਦਸੰਬਰ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਪਟਿਆਲਾ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਅਬਲੋਵਾਲ ਵਿਖੇ ਸ੍ਰੀ ਗੁਰੂ ਨਾਨਕ ਡੇਅਰੀ ਪ੍ਰਾਜੈਕਟ ਦੀ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ ਅਤੇ ਡੇਅਰੀ ਯੂਨੀਅਨ ਦੇ ਨੁਮਾਇੰਦਿਆਂ ਨਾਲ ਇੱਕ ਬੈਠਕ ਕੀਤੀ। ਡੇਅਰੀ ਮਾਲਕਾਂ ਨੂੰ ਸ਼ਹਿਰ ਵਿੱਚੋਂ ਡੇਅਰੀਆਂ ਇਸ ਪ੍ਰਾਜੈਕਟ ਵਿੱਚ ਤਬਦੀਲ ਕਰਨ ਲਈ ਆਖਦਿਆਂ ਸਿਹਤ ਮੰਤਰੀ ਤੇ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਡੇਅਰੀ ਮਾਲਕਾਂ ਨੂੰ ਉਥੇ ਡੇਅਰੀ ਕਿੱਤੇ ਨੂੰ ਹੋਰ ਵਧਾਉਣ ਲਈ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਐਚ.ਡੀ.ਐਫ.ਸੀ. ਬੈਂਕ ਡੇਅਰੀ ਮਾਲਕਾਂ ਨੂੰ ਸ਼ੈਡ ਉਸਾਰੀ ਲਈ 10 ਲੱਖ ਰੁਪਏ ਤੱਕ ਦਾ ਕਰਜ਼ਾ ਬਿਨ੍ਹਾਂ ਕਿਸੇ ਬੈਂਕ ਗਾਰੰਟੀ ਦੇ ਰਹੀ ਹੈ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ 20 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ 21.26 ਏਕੜ ਵਿੱਚ ਬਣਾਇਆ ਗਿਆ ਇਹ ਪ੍ਰਾਜੈਕਟ ਜਿੱਥੇ ਸ਼ਹਿਰ ਦੀ ਸਾਫ਼ ਸਫਾਈ ਤੇ ਸੀਵਰੇਜ ਨੂੰ ਬੰਦ ਹੋਣ ਤੋਂ ਰੋਕਣ 'ਚ ਸਹਾਈ ਹੋਵੇਗਾ ਉਥੇ ਹੀ ਡੇਅਰੀ ਮਾਲਕਾਂ ਦੇ ਧੰਦੇ ਨੂੰ ਹੋਰ ਵਿਕਸਤ ਹੋਣ ਵਿੱਚ ਵੀ ਸਹਾਇਤਾ ਕਰੇਗਾ। ਸਿਹਤ ਮੰਤਰੀ ਤੇ ਵਿਧਾਇਕ ਕੋਹਲੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡੇਅਰੀ ਪ੍ਰਾਜੈਕਟ ਨੂੰ ਤੁਰੰਤ ਚਲਾਉਣ ਲਈ ਸਾਰੇ ਮਸਲੇ ਮਿਥੇ ਸਮੇਂ ਦੇ ਅੰਦਰ-ਅੰਦਰ ਹੱਲ ਕੀਤੇ ਜਾਣ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸ਼ਹਿਰ ਦੀਆਂ ਡੇਅਰੀਆਂ ਨੂੰ ਇਸ ਪ੍ਰਾਜੈਕਟ 'ਚ ਤਬਦੀਲ ਕਰਕੇ ਇਸ ਨੂੰ ਕਾਮਯਾਬ ਕਰਨ ਬਾਰੇ ਦੁਧਾਰੂ ਪਸ਼ੂਆਂ ਲਈ ਬੈਂਕ ਕਰਜਿਆਂ, ਵੈਟਰਨਰੀ ਕਲੀਨਿਕ, ਚਾਰਾ, ਪਸ਼ੂ ਮੰਡੀ, ਵੇਰਕਾ ਮਿਲਕਿੰਗ ਸੈਂਟਰ, ਪਾਣੀ ਦੀ ਨਿਕਾਸੀ, ਬਿਜਲੀ ਕੁਨੈਕਸ਼ਨ ਆਦਿ ਕਈ ਮੁੱਦਿਆਂ 'ਤੇ ਜਾਣਕਾਰੀ ਦਿੱਤੀ।